Saturday, January 31, 2026

ਜਦੋਂ ਮਿਲਿਆ ਸੀ ...

ਕੋਈ ਡਾਲੀਆਂ ਚੋਂ ਲੰਘਿਆ 
ਹਵਾ ਬਣ ਕੇ 
ਅਸੀਂ ਰਹਿ ਗਏ 
ਬਿਰਖ ਵਾਲੀ ਛਾਂ ਬਣ ਕੇ ।

ਪੈੜਾਂ ਤੇਰੀਆਂ 'ਤੇ 
ਦੂਰ ਦੂਰ ਤੀਕ ਮੇਰੇ ਪੱਤੇ ਡਿੱਗੇ 
ਮੇਰੀਆਂ ਬਹਾਰਾਂ ਦਾ ਗੁਨਾਹ ਬਣ ਕੇ ।

ਪਿਆ ਅੰਬੀਆਂ ਨੂੰ ਬੂਰ ਸੀ 
ਕਿ ਕੋਇਲ ਕੂਕ ਪਈ 
ਕਿਸੇ ਜਿੰਦ ਬੀਆਬਾਨ ਦੀ ਗਵਾਹ ਬਣ ਕੇ ।

ਕਦੀ ਬੰਦਿਆਂ ਦੇ ਵਾਂਙ 
ਸਾਨੂੰ ਮਿਲਿਆ ਵੀ ਕਰ 
ਐਵੇਂ ਲੰਘ ਜਾਨੈਂ 
ਪਾਣੀ ਕਦੇ ਵਾ ਬਣ ਕੇ

ਜਦੋਂ ਮਿਲਿਆ ਸੀ 
ਹਾਣ ਦਾ ਸੀ 
ਸਾਂਵਰਾ ਜਿਹਾ 
ਜਦੋਂ ਜੁਦਾ ਹੋਇਆ 
ਤੁਰ ਗਿਆ ਖ਼ੁਦਾ ਬਣ ਕੇ ...!!


ਸੁਰਜੀਤ ਪਾਤਰ ✍️ 

No comments:

Post a Comment