Sunday, March 29, 2026

ਸਬਰੋਜ ਗੁਜਰਦਾ ਹੈ ਜਦੋਂ ਮੇਰਾ ਬੇਵਫ਼ਾ ਯਾਰ ਦੀ ਤੁਰਬਤ ਤੇ



ਸਬਰੋਜ ਗੁਜਰਦਾ ਹੈ ਜਦੋਂ ਮੇਰਾ  ਬੇਵਫ਼ਾ ਯਾਰ ਦੀ  ਤੁਰਬਤ  ਤੇ 
ਮਯ' ਚ ਮਿਲਾ ਕੇ ਪੀ ਲੈਂਦਾ ਹਾਂ ਗ਼ਮ ਸਾਰੇ ਆਪਣੀ ਮੁਹੱਬਤ ਦੇ

ਯਾਦ  ਉਹਦੀ  ਜਦੋਂ ਵੀ ਦਸਤਕ ਦੇਂਦੀ ਹੈ ਮੇਰੇ ਦਿਲ ਦੇ  ਬੂਹੇ ਤੇ 
ਝੋਲੀ ਉਸ ਦੀ ਪਾ ਦੇਂਦਾ ਹਾਂ ਡਿਗਦੇ ਅੱਥਰੂ ਆਪਣੀ ਮੁਹੱਬਤ ਦੇ

ਜਦੋਂ  ਕੈਦੋਂ ਬਣ  ਕੋਈ ਕਰੀਬੀ ਵਰਤਾਉਂਦਾ ਹੈ  ਕਹਿਰ ਦਿਲ੍ਹਾ ਤੇ 
ਰਾਂਝੇ  ਜੋਗੀ ਬਣ  ਨਿਭਾਉਂਦੇ ਨੇ  ਕੀਤੇ ਵਾਦੇ  ਇਸ਼ਕ ਮੁਹੱਬਤ ਦੇ

ਬੜੀ ਸ਼ਿੱਦਤ ਨਾਲ ਯਾਰੋ ਨਿਭਾ ਰਿਹਾਂ ਹਾਂ ਮੈਂ ਰੀਤ  ਪਿਆਰ ਦੀ 
ਫ਼ਰਜ ਜੋ  ਅਦਾ ਕਰਨੇ  ਨੇ ਮੈਂ  ਆਪਣੀ ਵਫ਼ਾ ਪਾਕ ਮੁਹੱਬਤ  ਦੇ

ਤਾਰੇ ਵੀ  ਜਦੋਂ ਰਲ  ਬਹਿੰਦੇ ਨੇ  ਮੇਰੀ ਗ਼ਮਾ ਦੀ ਮਹਫ਼ਿਲ  ਵਿੱਚ 
ਕਾਲੀ ਰਾਤ ਦੀ ਬੁੱਕਲ ਵਿੱਚ ਰਲ ਗਾਉਂਦੇ ਨੇ ਰਾਗ ਮੁਹੱਬਤ ਦੇ ।


ਗੁਰਿੰਦਰ ਸਿੰਘ ✍️ 

Saturday, March 28, 2026

ਅੱਖਾਂ ਦੇ ਵਿੱਚ ਯਾਰ ਵਸਾ ਕੇ ਵੇਖ ਲਿਆ ਏ

ਚੁੰਨੀ ਦਾ ਮੈਂ ਜਾਲ ਬਣਾ ਕੇ ਵੇਖ ਲਿਆ ਏ
ਉਹਦੇ ਸੌ ਸੌ ਤਰਲੇ ਪਾ ਕੇ ਵੇਖ ਲਿਆ ਏ

ਉਹਦੀ ਕੰਡ ਸੀ ਨਾਲੇ ਹਾਸੇ ਡੁਲ੍ਹਦੇ ਸਨ
ਮੈਂ ਵੀ ਕੱਚੇ ਘੜੇ ਤੇ ਜਾ ਕੇ ਵੇਖ ਲਿਆ ਏ

ਜਿੰਨ, ਚੁੜੇਲ ਤੇ ਭੂਤ ਡਰਾਮਾ ਕਰ ਕੇ ਮੈਂ
ਰੌਲਾ ਪਾ ਕੇ, ਚੰਮ ਲੁਹਾ ਕੇ ਵੇਖ ਲਿਆ ਏ

ਪੋਹ ਦੇ ਚੰਨ ਨੂੰ ਤੱਕਣਾ ਸੌਖਾ ਕੰਮ ਤੇ ਨਹੀਂ
ਖੁੱਲ੍ਹੇ ਘਰ ਦੀ ਛੱਤ ਤੇ ਜਾ ਕੇ ਵੇਖ ਲਿਆ ਏ

ਲੀਕੋ ਲੀਕੀ ਮੱਥਾ ਖੱਪਾਂ ਪਾ ਦਿੰਦਾ ਏ
ਚੁੱਪ ਦੇ ਅੰਦਰ ਭੇਦ ਲੁਕਾ ਕੇ ਵੇਖ ਲਿਆ ਏ

ਉੱਚੀ ਬੋਲਿਆਂ ਲੋਕੀਂ ਪਾਗ਼ਲ ਕਹਿੰਦੇ ਨੇ
ਧੜਕਣ ਨੂੰ ਆਵਾਜ਼ ਬਣਾ ਕੇ ਵੇਖ ਲਿਆ ਏ

ਮੇਰੇ ਤੇ ਅਲਮਾਸ ਬਸ਼ਾਰਤ ਉਤਰੇਗੀ
ਅੱਖਾਂ ਦੇ ਵਿੱਚ ਯਾਰ ਵਸਾ ਕੇ ਵੇਖ ਲਿਆ ਏ ।


ਸਾਇਮਾ ਅਲਮਾਸ ਮਸਰੂਰ✍️

ਉਹਦੀ ਮੇਰੀ ਗੱਲ ਹੋ ਜਾਵੇ

ਉਹਦੀ ਮੇਰੀ ਗੱਲ ਹੋ ਜਾਵੇ
ਕੁਝ ਤਬੀਅਤ ਵੱਲ ਹੋ ਜਾਵੇ

ਉਹਨੇ ਮੇਰਾ ਹੋਣਾ ਈ ਏ
ਅੱਜ ਹੋ ਜਾਵੇ, ਕੱਲ੍ਹ ਹੋ ਜਾਵੇ

ਅੱਖਾਂ ਦੀ ਜੇ ਗੱਲ ਉਹ ਸਮਝੇ
ਦਿਲ ਦਾ ਮਸਲਾ ਹੱਲ ਹੋ ਜਾਵੇ

ਮੇਰੇ ਦਿਲ ਵਿੱਚ ਆਵੇ ਜਦ ਉਹ
ਰੱਬਾ ! ਦਿਲ ਦਲ-ਦਲ ਹੋ ਜਾਵੇ

ਲੁਸ ਲੁਸ ਕਰਦੀ ਦਿਲ ਦੀ ਧਰਤੀ
ਤੂੰ ਆਵੇਂ ਜਲ ਥਲ ਹੋ ਜਾਵੇ

ਸਭ ਅਲਮਾਸ ਮੈਂ ਛੱਡ ਸਕਣੀ ਆਂ
ਉਹ ਜੇ ਮੇਰੇ ਵੱਲ ਹੋ ਜਾਵੇ ।


ਸਾਇਮਾ ਅਲਮਾਸ ਮਸਰੂਰ✍️

ਮੈਂ ਉਸਦੇ ਹਰ ਝੂਠ ਤੇ ਵੀ ਇਤਬਾਰ ਕੀਤਾ ਹੈ

ਮੈਂ ਉਸਦੇ ਹਰ ਝੂਠ ਤੇ ਵੀ ਇਤਬਾਰ ਕੀਤਾ ਹੈ 
ਕੁਝ ਇਸ ਤਰਾਂ ਉਸਨੂੰ ਮੈਂ ਪਿਆਰ ਕੀਤਾ ਹੈ

ਆਪਣੇ ਹੱਥੀਂ ਵਿਛਾਏ ਜਿਨ੍ਹਾਂ ਮੇਰੇ ਰਾਹਾਂ ਵਿੱਚ ਕੰਢੇ 
ਉਸ ਸਫ਼ਰ ਨੂੰ ਵੀ ਹੱਸਕੇ ਕਦੇ ਮੈਂ ਪਾਰ ਕੀਤਾ ਹੈ

ਖਾਇਸ਼ ਸੀ ਉਸਦੀ ਕਿ ਮੇਰੀ ਲਾਸ਼ ਨੂੰ ਤੱਕਣਾਂ 
ਉਸਦੀ ਇਸ ਹਸਰਤ ਨੂੰ ਵੀ ਮੈਂ ਸਾਕਾਰ ਕੀਤਾ ਹੈ

ਕਿਸੇ ਦਾ ਹੋਣਾ, ਕਿਸੇ ਤੇ ਮਰਨਾ ਜੇ ਗੁਨਾਹ ਦੱਸਦੇ ਹੋ 
ਖ਼ਬਰੇ ਇਹ ਗੁਨਾਹ ਮੈਂ ਕਿੰਨੀ ਵਾਰ ਕੀਤਾ ਹੈ

ਪੁਛਦੇ ਹੋ ਇਸ਼ਕ ਦੀ ਤਬੀਅਤ ਦਾ ਜੇ ਹਾਲ ਮੇਰੇ ਯਾਰੋ 
ਮੇਰੇ ਹਾਸੇ ਮੇਰੇ ਚਾਵਾਂ ਨੂੰ ਇਸਨੇ ਤਾਰ ਤਾਰ ਕੀਤਾ ਹੈ

ਮੇਰੀ ਗ਼ਲਤੀ ਸੀ ਬੱਸ ਐਨੀ ਕਿ ਉਸਨੂੰ ਰੱਬ ਕਿਹ ਬੈਠਾ 
ਭਰੀ ਮਹਿਫ਼ਿਲ ਚ ਇਸਨੂੰ ਵੀ ਮੈਂ ਸਵੀਕਾਰ ਕੀਤਾ ਹੈ ।



ਅਮਰ 

ਜਾਨੇਮਨ

ਮੋਹ ਭਰੀ ਤਕਣੀ ਨਾਲ
ਤਕਦਿਆਂ, ਉਸ ਨੇ ਬਸ
ਏਨਾ ਹੀ ਕਿਹਾ :
ਤੂੰ ਜਦ, ਹੌਲੀ ਜਿਹੀ
ਜਾਨੇਮਨ ਆਖਦਾ ਹੈਂ
ਦਹਾਕਿਆਂ ਤੋਂ ਬੰਦ ਪਏ
ਮਨ ਦੇ ਬੂਹੇ
ਖੁੱਲ੍ਹ ਜਾਣ-

ਮਾਰੂਥਲਾਂ ‘ਚ
ਬੂੰਦਾ-ਬਾਂਦੀ ਹੋਣ ਲੱਗੇ
ਜੰਗਲਾਂ ‘ਚ
ਮੌਨਸੂਨ ਦੀਆਂ ਬਰਸਾਤਾਂ ਦਾ
ਸਿਲਸਿਲਾ ਛਿੜ ਪਏ

ਮਨ ਦੇ ਸੁੱਕ ਚੁੱਕੇ ਵੀਰਾਨ ਬਾਗਾਂ ‘ਚ
ਇੱਕ ਹੀ ਸ਼ਬਦ ਨਾਲ ਗੁਲਾਬ ਮਹਿਕ ਉੱਠਣ
ਚਿਰਾਂ ਤੋਂ ਸੁੱਕੀਆਂ ਨਦੀਆਂ ‘ਚ
ਇੱਕ ਹੀ ਸ਼ਬਦ ਨਾਲ ਲਹਿਰ ਲਹਿਰ ਹੋ ਉੱਠੇ
ਕੁਰੱਖਤ ਬੋਲਾਂ ਨਾਲ ਝੁਲਸ ਗਏ ਤਨ-ਮਨ ਨੂੰ
ਇੱਕ ਹੀ ਸ਼ਬਦ ਨਾਲ ਆਰਾਮ ਆ ਜਾਏ
ਪ੍ਰਦੂਸ਼ਨ ਭਰੇ ਚੌਗਿਰਦੇ ‘ਚ
ਇੱਕ ਹੀ ਸ਼ਬਦ ਨਾਲ ਸੁਗੰਧ ਭਰੀ ਪੌਣ
ਰੁਮਕਣ ਲੱਗ ਪਏ

ਇੱਕ ਹੀ ਸ਼ਬਦ
ਏਨਾ ਸ਼ਕਤੀਵਰ ਵੀ ਹੋ ਸਕਦਾ
ਮੈਂ ਕਦੀ ਸੋਚਿਆ
ਤੱਕ ਨਹੀਂ ਸੀ ।


ਸੁਖਿੰਦਰ✍️

ਹੀਰਾ ਮੰਡੀ ਨੇੜੇ ਖੜ੍ਹੀ ਇੱਕ ਔਰਤ


ਸਦੀਆਂ ਬੀਤ ਗਈਆਂ
ਉਸ ਨੂੰ, ਠੰਡੀਆਂ ਰਾਤਾਂ ‘ਚ
ਬਾਹਰ ਖਲੋਤਿਆਂ -

ਕੋਈ ਨਹੀਂ ਬਹੁੜਿਆ
ਸੁੰਨ-ਸਾਨ, ਰਾਤਾਂ ‘ਚ ਖੜ੍ਹੀ
ਇਸ ਔਰਤ ਦੀ ਵਿੱਥਿਆ ਸੁਨਣ

ਮੁਗ਼ਲ-ਏ-ਆਜ਼ਮ ਅਕਬਰ ਦਾ
ਸ਼ਾਹੀ ਜਲਾਲ ਹੋਵੇ ਜਾਂ
ਮਹਾਰਾਜਾ ਰਣਜੀਤ ਸਿੰਘ ਦੀ
ਚੜ੍ਹਤ ਦੇ ਦਿਨ

ਸ਼ਾਹੀ ਕਿਲੇ ਦੇ ਬਿਲਕੁਲ ਨਜ਼ਦੀਕ
ਸ਼ਾਹੀ ਮਸਜਿਦ ਦੇ ਪਿਛਵਾੜੇ

ਕਿਸਾਈ ਮੰਡੀ ਦੇ ਦਲਾਲ
ਕੁੱਤਿਆਂ ਵਾਂਗ, ਮੂੰਹਾਂ ‘ਚੋਂ
ਸਲੂਣੀ ਰਾਲ ਛੱਡਦੇ
ਮਨੁੱਖ ਰੂਪੀ ਬਘਿਆੜਾਂ ਦੀ
ਢਾਣੀ ਲੈ ਕੇ, ਮੁੜ, ਮੁੜ
ਬਰਫ਼ ਦੀ ਸਿੱਲ ਬਣ ਚੁੱਕੀ
ਉਸ ਔਰਤ ਕੋਲ, ਗਰਮ ਗੋਸ਼ਤ ਦਾ
ਜ਼ਾਇਕਾ ਲੈਣ ਲਈ ਆਉਂਦੇ

ਹੋਂਦ ਅਤੇ ਨਿਰਹੋਂਦ ਦਰਮਿਆਨ
ਇੱਕ ਤ੍ਰੈਸ਼ੰਕੂ ਵਾਂਗ ਲਟਕੀ
ਉਹ, ਆਪਣੇ ਪੈਰਾਂ ‘ਚ ਘੁੰਗਰੂ ਬੰਨ੍ਹ
ਆਪਣੀ ਹੀ ਮੌਤ ਦੇ ਗੀਤ ਗਾਉਂਦੀ
ਆਪਣੀ ਹੀ ਮੌਤ ਦਾ ਵਿਰਲਾਪ ਕਰਦੀ
ਆਪਣੀ ਹੀ ਤਬਾਹੀ ਦਾ ਜਸ਼ਨ ਮਨਾਉਂਦੀ

ਪਲ, ਪਲ ਮਰਨ ਲਈ, ਉਹ
ਆਪਣੇ ਹੀ ਜਿਸਮ ਨੂੰ, ਬੋਟੀ, ਬੋਟੀ
ਨੋਚ ਦੇਣ ਦੀ, ਗਿਰਝਾਂ ਨੂੰ
ਦਾਹਵਤ ਦਿੰਦੀ

ਪਰ, ਉਸ ਦੀਆਂ ਅੱਖਾਂ ‘ਚ ਪਸਰੀ
ਗਹਿਰੀ ਖਾਮੋਸ਼ੀ, ਇਹੀ
ਸੁਰ ਅਲਾਪਦੀ ਜਾਪਦੀ :
ਇਹ ਵੀ ਕੋਈ ਜ਼ਿੰਦਗੀ ਹੈ !
ਇਹ ਵੀ ਕੋਈ ਜ਼ਿੰਦਗੀ ਹੈ !!
ਇਹ ਵੀ ਕੋਈ ਜ਼ਿੰਦਗੀ ਹੈ !!! 


ਸੁਖਿੰਦਰ✍️

ਸਭ ਤੋਂ ਖ਼ਤਰਨਾਕ

ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ

ਬੈਠੇ ਸੁੱਤਿਆਂ ਫੜੇ ਜਾਣਾ-ਬੁਰਾ ਤਾਂ ਹੈ
ਡਰੂ ਜਿਹੀ ਚੁੱਪ ਵਿੱਚ ਮੜ੍ਹੇ ਜਾਣਾ -ਬੁਰਾ ਤਾਂ ਹੈ
ਸਭ ਤੋਂ ਖਤਰਨਾਕ ਨਹੀਂ ਹੁੰਦਾ

ਕਪਟ ਦੇ ਸ਼ੋਰ ਵਿਚ
ਸਹੀ ਹੁੰਦਿਆਂ ਵੀ ਦਬ ਜਾਣਾ, ਬੁਰਾ ਤਾਂ ਹੈ
ਕਿਸੇ ਜੁਗਨੂੰ ਦੀ ਲੋਅ ਵਿਚ ਪੜ੍ਹਨ ਲੱਗ ਜਾਣਾ -ਬੁਰਾ ਤਾਂ ਹੈ
ਸਭ ਤੋਂ ਖ਼ਤਰਨਾਕ ਨਹੀਂ ਹੁੰਦਾ ।

ਸਭ ਤੋਂ ਖ਼ਤਰਨਾਕ ਹੁੰਦਾ ਹੈ
ਮੁਰਦਾ ਸਾਂਤੀ ਨਾਲ ਭਰ ਜਾਣਾ,
ਨਾ ਹੋਣਾ ਤੜਪ ਦਾ, ਸਭ ਸਹਿਣ ਕਰ ਜਾਣਾ
ਘਰਾਂ ਤੋਂ ਨਿਕਲਣਾ ਕੰਮ ਤੇ
ਤੇ ਕੰਮ ਤੋਂ ਘਰ ਜਾਣਾ,
ਸਭ ਤੋਂ ਖ਼ਤਰਨਾਕ ਹੁੰਦਾ ਹੈ
ਸਾਡੇ ਸੁਪਨਿਆਂ ਦਾ ਮਰ ਜਾਣਾ ।

ਸਭ ਤੋਂ ਖ਼ਤਰਨਾਕ ਉਹ ਘੜੀ ਹੁੰਦੀ ਹੈ
ਤੁਹਾਡੇ ਗੁੱਟ 'ਤੇ ਚਲਦੀ ਹੋਈ ਵੀ ਜੋ
ਤੁਹਾਡੀ ਨਜ਼ਰ ਦੇ ਲਈ ਖੜ੍ਹੀ ਹੁੰਦੀ ਹੈ ।

ਸਭ ਤੋਂ ਖ਼ਤਰਨਾਕ ਉਹ ਅੱਖ ਹੁੰਦੀ ਹੈ
ਜੋ ਸਭ ਦੇਖਦੀ ਹੋਈ ਵੀ ਠੰਢੀ ਯੱਖ਼ ਹੁੰਦੀ ਹੈ
ਜਿਸ ਦੀ ਨਜ਼ਰ ਦੁਨੀਆ ਨੂੰ ਮੁਹੱਬਤ ਨਾਲ ਚੁੰਮਣਾ ਭੁੱਲ ਜਾਂਦੀ ਹੈ
ਜੋ ਚੀਜ਼ਾਂ 'ਚੋਂ ਉਠਦੀ ਅੰਨ੍ਹੇਪਣ ਦੀ ਭਾਫ਼ ਉੱਤੇ ਡੁਲ੍ਹ ਜਾਂਦੀ ਹੈ
ਜੋ ਨਿੱਤ ਦਿਸਦੇ ਦੀ ਸਾਧਾਰਣਤਾ ਨੂੰ ਪੀਂਦੀ ਹੋਈ
ਇਕ ਮੰਤਕਹੀਣ ਦੁਹਰਾਅ ਦੇ ਗਧੀ-ਗੇੜ ਵਿਚ ਹੀ ਰੁਲ ਜਾਂਦੀ ਹੈ ।

ਸਭ ਤੋਂ ਖ਼ਤਰਨਾਕ ਉਹ ਚੰਨ ਹੁੰਦਾ ਹੈ
ਜੋ ਹਰ ਕਤਲ ਕਾਂਡ ਦੇ ਬਾਅਦ
ਸੁੰਨ ਹੋਏ ਵਿਹੜਿਆਂ ਵਿੱਚ ਚੜ੍ਹਦਾ ਹੈ
ਪਰ ਤੁਹਾਡੀਆਂ ਅੱਖਾਂ ਨੂੰ ਮਿਰਚਾਂ ਵਾਂਗ ਨਹੀਂ ਲੜਦਾ ਹੈ ।

ਸਭ ਤੋਂ ਖ਼ਤਰਨਾਕ ਉਹ ਗੀਤ ਹੁੰਦਾ ਹੈ
ਤੁਹਾਡੇ ਕੰਨਾਂ ਤੱਕ ਪਹੁੰਚਣ ਲਈ
ਜਿਹੜਾ ਕੀਰਨਾ ਉਲੰਘਦਾ ਹੈ
ਡਰੇ ਹੋਏ ਲੋਕਾਂ ਦੇ ਬਾਰ ਮੂਹਰੇ-
ਜੋ ਵੈਲੀ ਦੀ ਖੰਘ ਖੰਘਦਾ ਹੈ ।

ਸਭ ਤੋਂ ਖ਼ਤਰਨਾਕ ਉਹ ਰਾਤ ਹੁੰਦੀ ਹੈ
ਜੋ ਪੈਂਦੀ ਹੈ ਜੀਊਂਦੀ ਰੂਹ ਦਿਆਂ ਆਕਾਸ਼ਾਂ 'ਤੇ
ਜਿਹਦੇ ਵਿਚ ਸਿਰਫ਼ ਉੱਲੂ ਬੋਲਦੇ ਗਿੱਦੜ ਹਵਾਂਕਦੇ
ਚਿਪਟ ਜਾਂਦੇ ਸਦੀਵੀ ਨ੍ਹੇਰ ਬੰਦ ਬੂਹਿਆਂ ਚੁਗਾਠਾਂ 'ਤੇ

ਸਭ ਤੋਂ ਖ਼ਤਰਨਾਕ ਉਹ ਦਿਸ਼ਾ ਹੁੰਦੀ ਹੈ
ਜਿਹਦੇ ਵਿੱਚ ਆਤਮਾ ਦਾ ਸੂਰਜ ਡੁੱਬ ਜਾਵੇ
ਤੇ ਉਸ ਦੀ ਮਰੀ ਹੋਈ ਧੁੱਪ ਦੀ ਕੋਈ ਛਿਲਤਰ
ਤੁਹਾਡੇ ਜਿਸਮ ਦੇ ਪੂਰਬ 'ਚ ਖੁੱਭ ਜਾਵੇ ।
ਕਿਰਤ ਦੀ ਲੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਪੁਲਸ ਦੀ ਕੁੱਟ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ
ਗੱਦਾਰੀ-ਲੋਭ ਦੀ ਮੁੱਠ ਸਭ ਤੋਂ ਖ਼ਤਰਨਾਕ ਨਹੀਂ ਹੁੰਦੀ । 


ਪਾਸ਼ ✍️ 

ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ

ਤੂੰ ਇਸ ਤਰ੍ਹਾਂ ਕਿਉਂ ਨਹੀਂ ਬਣ ਜਾਂਦੀ
ਜਿੱਦਾਂ ਮੂੰਹ-ਜ਼ੁਬਾਨੀ ਗੀਤ ਹੁੰਦੇ ਹਨ
ਹਰ ਵਾਰ ਤੈਨੂੰ ਫੱਟੀ ਵਾਂਗ ਲਿਖਣਾ ਕਿਉਂ ਪੈਂਦਾ ਹੈ

ਮੂੰਹ ਜ਼ੋਰ ਤ੍ਰਿਕਾਲਾਂ ਦੇ ਖੜਕੇ 'ਚੋਂ
ਤੇਰੇ ਬੋਲਾਂ ਨੂੰ ਨਿਤਾਰ ਸਕਣਾ ਬਹੁਤ ਔਖਾ ਹੈ
ਤੇਰੇ ਟੱਲੀ ਵਾਂਗ ਲਹਿਰਾਂ 'ਚ ਟੁਟਦੇ
ਸੰਖ ਦੀ ਆਵਾਜ਼ ਵਾਂਗ ਮੈਂ ਚਾਹੁੰਦਾ ਹਾਂ
ਤੂੰ ਡੁੱਬਦੇ ਸੂਰਜ ਦਾ ਗ਼ਮ ਵੰਡਾਵੇਂ
ਤੇ ਰੱਬ ਦੇ ਨਾਂ ਵਾਂਗ ਮੇਰੀ ਰੂਹ ਵਿਚ ਤਰਦੀ ਫਿਰੇਂ

ਦੇਖ ਮੈਂ ਤਾਰਿਆਂ ਦਾ ਸਾਹਮਣਾ ਕਰਨਾ ਹੈ
ਜਿਵੇਂ ਹਾਰਨ ਬਾਅਦ ਕੋਈ ਅਣਖੀ
ਵੈਰੀ ਦੀਆਂ ਅੱਖਾਂ 'ਚ ਤੱਕਦਾ ਹੈ
ਮੈਂ ਨਿੱਕੀ ਨਿੱਕੀ ਲੋਅ ਵਿਚ
ਕਿਰ ਗਈ ਗਾਨੀ ਵਾਂਗ
ਟੋਹ ਟੋਹ ਕੇ ਆਪਣਾ ਆਪ ਲੱਭਣਾ ਹੈ ।


ਪਾਸ਼ ✍️ 

ਸੁਫ਼ਨੇ

ਸੁਫ਼ਨੇ
ਹਰ ਕਿਸੇ ਨੂੰ ਨਹੀਂ ਆਉਂਦੇ
ਬੇਜਾਨ ਬਰੂਦ ਦੇ ਕਣਾਂ 'ਚ
ਸੁੱਤੀ ਅੱਗ ਨੂੰ ਸੁਫ਼ਨੇ ਨਹੀਂ ਆਉਂਦੇ
ਬਦੀ ਲਈ ਉੱਠੀ ਹੋਈ ਹਥੇਲੀ ਉਤਲੇ ਮੁੜ੍ਹਕੇ ਨੂੰ
ਸੁਫ਼ਨੇ ਨਹੀਂ ਆਉਂਦੇ
ਸੁਫ਼ਨਿਆਂ ਲਈ ਲਾਜ਼ਮੀ ਹੈ
ਝਾਲੂ ਦਿਲਾਂ ਦਾ ਹੋਣਾ
ਸੁਫ਼ਨਿਆਂ ਲਈ ਨੀਂਦ ਦੀ ਨਜ਼ਰ
ਹੋਣੀ ਲਾਜ਼ਮੀ ਹੈ
ਸੁਫ਼ਨੇ ਇਸ ਲਈ
ਹਰ ਕਿਸੇ ਨੂੰ ਨਹੀਂ ਆਉਂਦੇ ।


ਪਾਸ਼ ✍️ 

ਵਫ਼ਾ

ਸਾਲਾਂ ਭਰ ਤੜਪ ਕੇ ਤੇਰੇ ਲਈ
ਮੈਨੂੰ ਭੁੱਲ ਗਈ ਹੈ ਚਿਰਾਂ ਤੋਂ, ਆਪਣੀ ਆਵਾਜ਼ ਦੀ ਪਛਾਣ
ਭਾਸ਼ਾ ਜੋ ਮੈਂ ਸਿੱਖੀ ਸੀ, ਮਨੁੱਖ ਜਿਹਾ ਜਾਪਣ ਲਈ
ਮੈਂ ਉਸ ਦੇ ਸਾਰੇ ਹਰਫ਼ ਜੋੜ ਕੇ ਵੀ
ਮਸਾਂ ਤੇਰਾ ਨਾਮ ਹੀ ਬਣ ਸਕਿਆ ।
ਮੇਰੇ ਲਈ ਵਰਣ ਆਪਣੀ ਧੁਨੀ ਖੋ ਬੈਠੇ ਬੜੇ ਚਿਰ ਦੇ
ਮੈਂ ਹੁਣ ਵੀ ਲਿਖਦਾ ਨਹੀਂ-ਤੇਰੇ ਧੁਪੀਲੇ ਅੰਗਾਂ ਦੀ ਸਿਰਫ ਪ੍ਰਛਾਈ ਫੜਦਾ ਹਾਂ
ਕਦੀ ਵੀ ਅੱਖਰ ਮੇਰੇ ਹੱਥਾਂ 'ਚੋਂ
ਤੇਰੀ ਤਸਵੀਰ ਹੀ ਬਣ ਕੇ ਨਿਕਲਦਾ ਹੈ
ਤੂੰ ਮੈਨੂੰ ਹਾਸਲ ਏਂ (ਪਰ) ਕਦਮ ਭਰ ਦੀ ਵਿੱਥ ਨਾਲ
ਸ਼ਾਇਦ ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ-
ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ-
ਇਹ ਕਦਮ ਫ਼ੈਲਦੇ ਹੋਏ ਲਗਾਤਾਰ
ਮੱਲ ਲਏਗਾ ਮੇਰੀ ਸਾਰੀ ਧਰਤੀ ਨੂੰ
ਇਹ ਕਦਮ ਨਾਪ ਲਏਗਾ ਮੋਇਆਂ ਆਕਾਸ਼ਾਂ ਨੂੰ
ਤੂੰ ਦੇਸ਼ ਹੀ ਰਹੀਂ
ਮੈਂ ਕਦੀ ਪਰਤਾਂਗਾ ਜੇਤੂ ਦੇ ਵਾਂਗ ਤੇਰੀਆਂ ਜੂਹਾਂ ਵਿਚ
ਇਹ ਕਦਮ ਜਾਂ ਮੈਂ
ਜ਼ਰੂਰ ਦੋਹਾਂ 'ਚੋਂ ਕਿਸੇ ਨੂੰ ਕਤਲ ਹੋਣਾ ਪਏਗਾ ।


ਪਾਸ਼ ✍️