ਪਾਸ਼- ਕਵਿਤਾ


Avtar Singh Sandhu 'Pash' 
A Revolutionary Poet
ਅਵਤਾਰ ਸਿੰਘ ਸੰਧੂ 'ਪਾਸ਼'
ਇੱਕ ਇਨਕਲਾਬੀ ਕਵੀ


The great revolutionary poet of free India, Pash (Avtar Singh Sandhu), was the moral and ideological successor of Bhagat Singh, Pash would live a terrible life.

Avtar Singh Sandhu, known by his pen name Pash, was a seminal revolutionary Punjabi poet and a pivotal figure in the 1970's Jujharu (militant/naxalite) literary movement. His poetry, marked by defiant, anti-establishment, and leftist ideology, focused on injustice and the rights of the oppressed. He was assassinated by extremists on March 23, 1988, in his village, on the same day he planned to leave for the USA. 

Avtar Singh Sandhu 'Pash' (9 September 1950 -23 March 1988) was born in a middle class peasant family in village Talwandi Salem, distt. Jallandhar (Punjab). His father Sohan Singh Sandhu, who was a soldier, used to compose poetry. Pash is one of the major poets of Naxalite Movement. In 1972 he started a magazine named 'Siar' and in 1973 founded 'Punjabi Sahit Te Sabhiachar Manch. His poetic works are: Loh Katha (1971), Uddade Bazan Magar (1974), Saade Samian Vich (1978), Khilre Hoey Varkey (1989, posthumously).

ਆਜ਼ਾਦ ਭਾਰਤ ਦੇ ਮਹਾਨ ਇਨਕਲਾਬੀ ਕਵੀ, ਭਗਤ ਸਿੰਘ ਦੇ ਨੈਤਿਕ ਅਤੇ ਵਿਚਾਰਧਾਰਕ ਉੱਤਰਾਧਿਕਾਰੀ, ਪਾਸ਼ (ਅਵਤਾਰ ਸਿੰਘ ਸੰਧੂ) ਨੇ ਇੱਕ ਭਿਆਨਕ ਜ਼ਿੰਦਗੀ ਬਤੀਤ ਕੀਤੀ । ਉਹ ਧਾਰਮਿਕ ਕੱਟੜਤਾ ਦਾ ਵਿਰੋਧੀ ਸੀ । ਜਿਸ ਕਾਰਣ 23 ਮਾਰਚ, 1988 ਨੂੰ ਜਦੋਂ ਉਹ ਅਮਰੀਕਾ ਜਾਣ ਦੀ ਯੋਜਨਾ ਬਣਾ ਰਿਹਾ ਸੀ, ਕੱਟੜਪੰਥੀਆਂ ਨੇ ਉਸਦੇ ਪਿੰਡ ਵਿੱਚ ਹੀ ਉਸਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ ।

ਅਵਤਾਰ ਸਿੰਘ ਸੰਧੂ 'ਪਾਸ਼' (੯ ਸਤੰਬਰ ੧੯੫੦-੨੩ ਮਾਰਚ ੧੯੮੮) ਦਾ ਜਨਮ ਪਿੰਡ ਤਲਵੰਡੀ ਸਲੇਮ, ਜਿਲ੍ਹਾ ਜਲੰਧਰ (ਪੰਜਾਬ) ਵਿਚ ਇੱਕ ਮੱਧਵਰਗੀ ਕਿਸਾਨ ਪਰਿਵਾਰ ਵਿੱਚ ਹੋਇਆ।ਉਸ ਦੇ ਪਿਤਾ ਸੋਹਣ ਸਿੰਘ ਸੰਧੂ ਫ਼ੌਜ ਵਿੱਚ ਨੌਕਰੀ ਕਰਦੇ ਸਨ ਅਤੇ ਉਨ੍ਹਾਂ ਨੂੰ ਕਵਿਤਾ ਲਿਖਣ ਦਾ ਸ਼ੌਕ ਸੀ । ਪਾਸ਼ ਜੁਝਾਰੂ ਲਹਿਰ 'ਨਕਸਲਬਾੜੀ' ਦੇ ਉੱਘੇ ਕਵੀਆਂ ਵਿੱਚੋਂ ਹੈ । ੧੯੭੨ ਵਿੱਚ ਉਸ ਨੇ "ਸਿਆੜ" ਨਾਂ ਦਾ ਪਰਚਾ ਕੱਢਿਆ।੧੯੭੩ ਵਿੱਚ ਪੰਜਾਬੀ ਸਾਹਿਤ ਤੇ ਸਭਿਆਚਾਰ ਮੰਚ ਦੀ ਸਥਾਪਨਾ ਕੀਤੀ।ਉਸ ਦੇ ਕਾਵਿ ਸੰਗ੍ਰਹਿ 'ਲੋਹ ਕਥਾ' (੧੯੭੧), 'ਉੱਡਦੇ ਬਾਜ਼ਾਂ ਮਗਰ' (੧੯੭੪), 'ਸਾਡੇ ਸਮਿਆਂ ਵਿੱਚ'(੧੯੭੮) ਅਤੇ 'ਖਿਲਰੇ ਹੋਏ ਵਰਕੇ' (ਮੌਤ ਉੱਪਰੰਤ, 1989) ।

Pash - A Punjabi Revolutionary Poet


ਅਵਤਾਰ 'ਪਾਸ਼' ਦੀਆਂ ਰਚਨਾਵਾਂ:

  • ਲੋਹ ਕਥਾ
  • ਉੱਡਦੇ ਬਾਜ਼ਾਂ ਮਗਰ
  • ਸਾਡੇ ਸਮਿਆਂ ਵਿੱਚ
  • ਖਿਲਰੇ ਹੋਏ ਵਰਕੇ
  • ਸਭ ਤੋਂ ਖ਼ਤਰਨਾਕ (ਸੰਪੂਰਣ ਰਚਨਾ)
  • ਮਿਲੀਆਂ-ਜੁਲੀਆਂ ਕਵਿਤਾਵਾਂ : ਪਾਸ਼


ਪੰਜਾਬੀ ਕਵਿਤਾਵਾਂ ਅਵਤਾਰ ਪਾਸ਼ :


1. ਮੈਂ ਪੁੱਛਦਾ ਹਾਂ 


ਮੈਂ ਪੁੱਛਦਾ ਹਾਂ ਅਸਮਾਨ 'ਚ ਉੜਦੇ ਸੂਰਜ ਨੂੰ
ਕੀ ਵਕਤ ਏਸੇ ਦਾ ਨਾਂ ਹੈ
ਕਿ ਘਟਨਾਵਾਂ ਕੁਚਲਦੀਆਂ ਤੁਰੀਆਂ ਜਾਣ
ਮਸਤ ਹਾਥੀ ਵਾਂਗ
ਇਕ ਸਮੁਚੇ ਮਨੁੱਖ ਦੀ ਚੇਤਨਾ ?
ਕਿ ਹਰ ਸਵਾਲ
ਕੇਵਲ ਕੰਮ 'ਚ ਰੁੱਝੇ ਜਿਸਮ ਦੀ ਗ਼ਲਤੀ ਹੀ ਹੋਵੇ ?

ਕਿਉਂ ਸੁਣਾ ਦਿੱਤਾ ਜਾਂਦਾ ਹੈ ਹਰ ਵਾਰੀ
ਪੁਰਾਣਾ ਚੁਟਕਲਾ
ਕਿਉਂ ਕਿਹਾ ਜਾਂਦਾ ਹੈ ਅਸੀਂ ਜਿਉਂਦੇ ਹਾਂ
ਜ਼ਰਾ ਸੋਚੋ-
ਕਿ ਸਾਡੇ 'ਚੋਂ ਕਿੰਨਿਆਂ ਕੁ ਦਾ ਨਾਤਾ ਹੈ
ਜ਼ਿੰਦਗੀ ਵਰਗੀ ਕਿਸੇ ਸ਼ੈਅ ਨਾਲ !

ਰੱਬ ਦੀ ਉਹ ਕਿਹੋ ਜੇਹੀ ਰਹਿਮਤ ਹੈ
ਜੋ ਕਣਕ ਗੁੱਡਦੇ ਪਾਟੇ ਹੋਏ ਹੱਥਾਂ-
ਤੇ ਮੰਡੀ ਵਿਚਲੇ ਤਖ਼ਤਪੋਸ਼ 'ਤੇ ਫੈਲੀ ਹੋਈ ਮਾਸ ਦੀ
ਉਸ ਪਿਲਪਲੀ ਢੇਰੀ ਉਤੇ,
ਇਕੋ ਸਮੇਂ ਹੁੰਦੀ ਹੈ ?

ਆਖ਼ਿਰ ਕਿਉਂ
ਬਲਦਾਂ ਦੀਆਂ ਟੱਲੀਆਂ
ਤੇ ਪਾਣੀ ਕੱਢਦੇ ਇੰਜਣਾਂ ਦੇ ਸ਼ੋਰ ਅੰਦਰ
ਘਿਰੇ ਹੋਏ ਚਿਹਰਿਆਂ 'ਤੇ ਜੰਮ ਗਈ ਹੈ
ਇਕ ਚੀਖਦੀ ਖ਼ਾਮੋਸ਼ੀ ?

ਕੌਣ ਖਾ ਜਾਂਦਾ ਹੈ ਤਲ ਕੇ
ਟੋਕੇ 'ਤੇ ਰੁੱਗ ਲਾ ਰਹੇ
ਕੁਤਰੇ ਹੋਏ ਅਰਮਾਨਾਂ ਵਾਲੇ ਡੌਲਿਆਂ ਦੀਆਂ ਮੱਛੀਆਂ ?

ਕਿਉਂ ਗਿੜਗਿੜਾਉਂਦਾ ਹੈ
ਮੇਰੇ ਪਿੰਡ ਦਾ ਕਿਰਸਾਨ
ਇਕ ਮਾਮੂਲੀ ਪੁਲਸੀਏ ਅੱਗੇ ?
ਕਿਉਂ ਕਿਸੇ ਦਰੜੇ ਜਾਂਦੇ ਬੰਦੇ ਦੇ ਚੀਕਣ ਨੂੰ
ਹਰ ਵਾਰ
ਕਵਿਤਾ ਕਹਿ ਦਿੱਤਾ ਜਾਂਦਾ ਹੈ ?
ਮੈਂ ਪੁੱਛਦਾ ਹਾਂ ਆਸਮਾਨ 'ਚ ਉੜਦੇ ਹੋਏ ਸੂਰਜ ਨੂੰ ।


2. ਬਾਡਰ
(ਮੋਗਾ ਗੋਲੀ-ਕਾਂਡ ਨੂੰ ਸਮਰਪਤ)


ਭਰ ਜਾਣਗੇ ਹੁਣ ਧੂੜ ਨਾਲ ਕਸਬਿਆਂ ਦੇ ਸਿਰ
ਫਿਰਨਗੇ ਟਰੱਕ ਬੀ. ਐੱਸ. ਐਫ. ਦੇ
ਪਲੀਆਂ ਹੋਈਆਂ ਜੂੰਆਂ ਦੇ ਵਾਂਗ…..
ਐਤਕੀਂ ਨਹੀਂ ਆਵੇਗੀ ਸਤਵਰਗ ਦੇ ਫੁੱਲਾਂ 'ਤੇ ਖਿੜਨ ਰੁੱਤ
ਮਿੱਧਿਆ ਗਿਆ ਘਾਹ ਤੜਫੇਗਾ
ਕਾਲਜ ਦਿਆਂ ਵਿਹੜਿਆਂ ਵਿਚ
ਰਾਤ-ਦਿਨ ਪੌਣਾਂ ਭਰਿਸ਼ਟ ਕਰੇਗੀ
ਥਾਣੇ 'ਚ ਲੱਗੀ ਵਾਇਰਲੈੱਸ….
ਦਰਅਸਲ
ਏਥੇ ਹਰ ਥਾਂ 'ਤੇ ਇਕ ਬਾਡਰ ਹੈ
ਜਿਥੇ ਸਾਡੇ ਹੱਕ ਖਤਮ ਹੁੰਦੇ ਹਨ
ਪਤਵੰਤੇ ਲੋਕਾਂ ਦੇ ਸ਼ੁਰੂ ਹੁੰਦੇ ਹਨ
ਤੇ ਅਸੀਂ ਹਰ ਤਰਾਂ ਆਜ਼ਾਦ ਹਾਂ ਇਸ ਪਾਰ ਗਾਹਲਾਂ
ਕੱਢਣ ਲਈ
ਮੁੱਕੇ ਲਹਿਰਾਉਣ ਲਈ
ਚੋਣਾਂ ਲੜਨ ਲਈ
ਸਤਵਰਗਾਂ ਦੀ ਮੁਸਕਾਨ ਚੁੰਮਣ 'ਤੇ
ਕੋਈ ਬੰਦਸ਼ ਨਹੀਂ ਇਸ ਪਾਰ
ਤੇ ਇਸ ਤੋਂ ਅੱਗੇ ਹੈ ਕਸਬਿਆਂ'ਚ 
ਉਡਦੀ ਹੋਈ ਧੂੜ, ਪਲੀਆਂ ਹੋਈਆਂ ਜੂੰਆਂ ਦੇ ਵਾਂਗ
ਰੀਂਘਦੇ ਟਰੱਕ ਬੀ. ਐੱਸ. ਐਫ. ਦੇ ।


3. ਇੰਝ ਹੀ ਸਹੀ

ਅਸੀਂ ਬਕਰੇ ਬੁਲਾਉਂਦੇ ਉਨ੍ਹਾਂ ਨੂੰ ਚੰਗੇ ਨਹੀਂ ਲਗਦੇ
ਚਲੋ ਇੰਜ ਹੀ ਸਹੀ
ਉਹ ਤਾਂ ਬਸ ਸ਼ੁਗਲ ਫ਼ਰਮਾਉਂਦੇ ਰਹੇ
ਵੈਣ ਸੁਣਦੇ ਆਏ
ਦਾਦ ਦਿੰਦੇ ਰਹੇ…

ਜ਼ਿੰਦਗੀ ਜੇ ਕਵਿਤਾ ਜਹੀ ਹੁੰਦੀ
ਅਸੀਂ ਖ਼ਾਮੋਸ਼ ਹੀ ਰਹਿੰਦੇ
ਸੁਫ਼ਨੇ ਜੇ ਪੱਥਰ ਦੇ ਹੁੰਦੇ
ਗੀਟਿਆਂ ਸੰਗ ਹੀ ਪਰਚ ਛੱਡਦੇ
ਪਾਣੀ ਨਾਲ ਜੇ ਢਿੱਡ ਭਰ ਸਕਦਾ
ਤਾਂ ਪੀ ਕੇ ਸੌਂ ਰਹਿੰਦੇ
ਚਾਂਦਨੀ ਜੇ ਓੜ੍ਹੀ ਜਾ ਸਕਦੀ
ਸਿਊਂ ਕੇ ਪਾ ਲੈਂਦੇ…

ਏਥੇ ਪਰ ਕੁੱਝ ਨਹੀਂ ਦਿਸਦਾ
ਅਮਨ ਦੀਆਂ ਘੁੱਗੀਆਂ ਵਰਗਾ
ਗੀਤਾਂ ਦੇ ਦਰਖ਼ਤ ਨਹੀਂ ਲੱਭਦੇ
ਜਿਨ੍ਹਾਂ ਸੰਗ ਪੀਂਘ ਪਾ ਲਈਏ…

ਅਸੀਂ ਤਾਂ ਖੋਹਣੀ ਹੈ
ਆਪਣੀ ਚੋਰੀ ਹੋਈ ਰਾਤਾਂ ਦੀ ਨੀਂਦ
ਅਸੀਂ ਟੋਹਣਾ ਹੈ ਜ਼ੋਰ
ਖੂਨ-ਲਿਬੜੇ ਹੱਥਾਂ ਦਾ
ਉਨ੍ਹਾਂ ਨੂੰ ਭਲੇ ਲੱਗਣ ਲਈ
ਅਸੀਂ ਹੁਣ ਵੈਣ ਨਹੀਂ ਪਾਉਂਣੇ… ।


4. ਜੇਲ੍ਹ

ਉਨ੍ਹਾਂ ਨੂੰ ਰਿਹਾ ਇਕ ਭੁਲੇਖਾ
ਕਿ ਜਿੰਦਰੇ 'ਚ ਡੱਕ ਦੇਣਗੇ
ਗੁਸਤਾਖ਼ ਪਲਾਂ ਦੀ ਬੇ-ਜਿਸਮ ਹੋਂਦ
ਕੰਧਾਂ ਉਸਾਰ ਦੇਣਗੇ ਸੜਕਾਂ ਦੀ ਹਿੱਕ 'ਤੇ
ਰੋਸ਼ਨੀ ਦੇ ਕਈ ਵਰ੍ਹੇ ਬੱਦਲਾਂ ਦੇ ਨਾਲ ਨਾਲ ਤੁਰੇ
ਰੁੱਤ ਮਗਰੋਂ ਰੁੱਤ ਨੂੰ ਕੋਈ ਰੋਕ ਨਾ ਸਕਿਆ
ਸਿਰਫ਼ ਛੱਤਾਂ 'ਤੇ ਝੂਲਦਾ ਰਿਹਾ
ਝੋਰਾ ਉਨ੍ਹਾਂ ਪਲਾਂ ਦਾ
'ਜਿਨ੍ਹਾਂ ਤੀਰਾਂ ਦੀਆਂ ਨੋਕਾਂ 'ਤੇ ਪਲਣਾ ਸੀ' । 

(ਜੇਲ੍ਹ 'ਚੋਂ)


5. ਆਸਮਾਨ ਦਾ ਟੁਕੜਾ

ਮੇਰੀ ਤਾਂ ਜਾਨ ਹੈ ਆਸਮਾਨ ਦਾ ਉਹ ਟੁਕੜਾ
ਜੋ ਰੌਸ਼ਨਦਾਨ ਵਿਚੋਂ ਪਲਮ ਆਉਂਦਾ ਹੈ
ਸਖ਼ਤ ਕੰਧਾਂ ਤੇ ਸੀਖ਼ਾਂ ਦਾ ਵੀ ਲਿਹਾਜ਼ ਨਹੀਂ ਕਰਦਾ
ਉਹ ਤਾਂ ਚਾਹੁੰਦੇ ਹਨ
ਕਿ ਮੈਂ ਇਸ ਟੁਕੜੇ ਦੇ ਆਸਰੇ ਹੀ ਜੀਵਾਂ
ਤਾਂ ਫਿਰ ਕੰਹਿਦੇ ਕਿਉਂ ਨਹੀਂ ਏਸ ਨੂੰ
ਕਿ ਥਾਏਂ ਹੀ ਜੰਮ ਜਾਵੇ, ਨਵੇਲੇ ਰੰਗ ਨਾ ਬਦਲੇ-
ਦੇਖੋ ਇਹ ਟੁਕੜਾ ਹਰ ਘੜੀ ਰੰਗਤ ਬਦਲਦਾ ਹੈ
ਇਹਦੇ ਹਰ ਰੰਗ ਦੇ ਲੜ ਲੱਗਿਆ ਹੈ ਹੁਸਨ ਰੁੱਤਾਂ ਦਾ
ਜ਼ਰਾ ਪੁੱਛ ਦੇਖੋ ਇਸ ਟੁਕੜੇ ਨੂੰ ਮੌਸਮ ਨਾਲ ਨਾ ਬੱਝੇ
ਵਗਾਹ ਮਾਰੇ ਇਹ ਆਪਣੇ ਜਿਸਮ ਤੋਂ
ਰੁਤਾਂ ਦੇ ਪਰਛਾਵੇਂ
ਇਹ ਟੁਕੜਾ ਤਾਂ ਆਪਣੇ ਮੋਢਿਆਂ 'ਤੇ
ਪੂਰਾ ਆਸਮਾਨ ਹੀ ਚੁੱਕੀ ਫ਼ਿਰਦਾ ਹੈ…।


6. ਮੇਰੇ ਕੋਲ ਬੜਾ ਕੁਝ ਹੈ

ਮੇਰੇ ਕੋਲ ਬੜਾ ਕੁਝ ਹੈ
ਸ਼ਾਮ ਹੈ-ਸ਼ਰ੍ਹਾਟਿਆਂ 'ਚ ਭਿੱਜੀ ਹੋਈ
ਜ਼ਿੰਦਗੀ ਹੈ-ਨੂਰ 'ਚ ਭੱਖਦੀ ਹੋਈ
ਅਤੇ ਮੈਂ ਹਾਂ-'ਅਸੀਂ' ਦੇ ਝੁਰਮਟ ਵਿਚ ਘਿਰਿਆ ਹੋਇਆ
ਮੈਥੋਂ ਹੋਰ ਕੀ ਖੋਹਵੋਗੇ
ਸ਼ਾਮ ਨੂੰ ਕਿਸੇ ਦੂਰ ਵਾਲੀ ਕੋਠੜੀ 'ਚ ਡੱਕ ਲਓਗੇ ?
ਜ਼ਿੰਦਗੀ 'ਚੋਂ ਜ਼ਿੰਦਗੀ ਨੂੰ ਕੁਚਲ ਦਿਓਗੇ ?
'ਅਸੀਂ' ਵਿਚੋਂ 'ਮੈਂ' ਨੂੰ ਨਿਤਾਰ ਲਓਗੇ ?
ਜਿਸ ਨੂੰ ਤੁਸੀਂ ਮੇਰਾ 'ਕੁਝ' ਨਹੀਂ ਕਹਿੰਦੇ ਹੋ
ਉਸ ਵਿਚ ਤੁਹਾਡੀ ਮੌਤ ਦਾ ਸਾਮਾਨ ਹੈ
ਮੇਰੇ ਕੋਲ ਬੜਾ ਕੁਝ ਹੈ
ਮੇਰੀ ਉਸ 'ਕੁਝ ਨਹੀਂ' ਵਿਚ ਬੜਾ ਕੁਝ ਹੈ।

(ਜੇਲ੍ਹ 'ਚੋਂ)



7. ਦਾਨ

ਤੁਸਾਂ ਮੈਂਨੂੰ ਦਿੱਤਾ ਹੈ ਇਕ ਕਮਰਾ
ਸਥਿਰ ਤੇ ਬੰਦ
ਮਿਣਨਾ ਤੇ ਮੈਂ ਹੈ
ਕਿ ਇਸ ਵਿਚ ਕਿੰਨੇ ਕਦਮਾਂ ਨਾਲ ਮੀਲ ਬਣਦਾ ਹੈ
ਕਿ ਕਿੰਨੇ ਮੀਲ ਚੱਲਕੇ ਕੰਧ, ਕੰਧ ਨਹੀਂ ਰਹਿੰਦੀ
ਤੇ ਸਫ਼ਰ ਦੇ ਅਰਥ ਸ਼ੁਰੂ ਹੰਦੇ ਹਨ…

ਤੁਸਾਂ ਮੈਂਨੂੰ ਕੁਝ ਹੱਕ ਬਖਸ਼ੇ ਹਨ-
ਘਰ ਤੋਂ ਜਲਾਵਤਨੀ ਦਾ
ਰੋਟੀ ਲਈ ਮਿੱਟੀ ਹੋਣ ਦਾ
ਮਹਿਬੂਬ ਦੇ ਗ਼ਮਾਂ 'ਚ ਦੀਦੇ ਖੋਹਣ ਦਾ
ਤੇ ਗੁੰਮਣ ਦਾ ਮੌਤ ਦੀ ਭਿਅੰਕਰ ਧੁੰਦ ਵਿਚ
ਪਰ ਇਕ ਹੱਕ ਹੋਰ ਹੁੰਦਾ ਹੈ
ਜੋ ਬਖ਼ਸ਼ਿਆ ਨਹੀਂ, ਸਿਰਫ ਖੋਹਿਆ ਜਾਂਦਾ ਹੈ……

ਤੁਹਾਡੇ ਕੋਲ ਇਕਰਾਰਾਂ ਦਾ ਸਮੁੰਦਰ
ਮੇਰੇ ਡੁੱਬਣ ਲਈ
ਜਿਸ ਵਿਚ ਤਰਦੀਆਂ ਹਨ
ਸੁਨਿਹਰੀ ਸੁਫ਼ਨਿਆਂ ਦੀਆਂ ਮਛਲੀਆਂ
ਪਰ ਪ੍ਰਾਪਤੀ ਦਾ ਕੰਨਾ ਓਝਲ ਹੋਣ ਤੱਕ
ਮੈਂ ਫੜ ਲਿਆ ਹੈ ਬੇਵਫਾਈ ਦਾ ਚੱਪੂ
ਤੇ ਹੁਣ ਤੁਹਾਡੇ ਕੋਲ ਬਚਿਆ ਹੈ
ਮੈਂਨੂੰ ਦੇਣ ਲਈ ਇਕ ਇਨਾਮ-
ਮੌਤ
ਤੇ ਉਹ ਵੀ ਵੱਡਿਓ ਦਾਤਿਓ !
ਤੁਹਾਡਾ ਆਪ ਰੱਖਣ ਨੂੰ ਜੀਅ ਕਰਦਾ ਹੈ ।

(ਜੇਲ੍ਹ 'ਚੋਂ)



8. ਅਸਵੀਕਾਰ 

ਚਾਰ ਕੰਧਾਂ ਦੀ ਵਲਗਣ ਮੇਰਾ ਘਰ ਨਹੀਂ
ਜਿਦ੍ਹੇ 'ਚ ਬਸਰ ਕੀਤੇ ਪਲਾਂ ਨੂੰ
ਮੈਂ ਉਮਰ ਕਹਿ ਦੇਵਾਂ-
ਇਥੇ ਸਿਰਫ ਕਮਰੇ ਦੀਆਂ ਕੰਧਾਂ 'ਤੇ
ਲਿਖਿਆ ਜਾ ਰਿਹੈ, ਸਮੰਤ ਦਾ ਵੇਰਵਾ…

ਜਦ ਮੈਂ ਇਸ ਕਮਰੇ 'ਚ ਡੱਕਿਆ ਗਿਆ
ਜ਼ਿੰਦਗੀ ਨੂੰ ਨਾਲ ਨਹੀਂ ਸਾਂ ਲਿਆਇਆ
ਬਾਹਰ ਸਫ਼ਰ ਨੂੰ ਫੜਾ ਆਇਆ ਸਾਂ
ਪੌਣਾਂ ਨੂੰ ਰਾਖੀ ਬਿਠਾ ਆਇਆ ਸਾਂ…

ਬੇੜੀ ਤੇ ਲੱਗੇ ਜੰਗਾਲ ਵਾਂਗ
ਮੇਰੇ ਜਿਸਮ ਨੂੰ ਜੰਗਾਲ ਵੀ ਸਕਦੇ ਹੋ
ਐਪਰ ਕੀ ਕਰੋਗੇ ਸਫ਼ਰ ਦਾ
ਜੋ ਇਕ ਅਮਾਨਤ ਫੜੀ ਬੈਠਾ ਹੈ
ਪੌਣਾਂ ਦਾ ਕੀ ਕਰੋਗੇ
ਜਿਨ੍ਹਾਂ ਕਿਤੇ ਹਿਸਾਬ ਦੇਣਾ ਹੈ
ਤੇ ਉਸ ਕਮਰੇ ਦੇ ਮਲਬੇ 'ਤੇ ਬਣਨਾ ਹੈ।

(ਜੇਲ੍ਹ 'ਚੋਂ)



9. ਹੱਥ 

ਮੈਂ ਆਪਣੇ ਜਿਸਮ ਨੂੰ
ਹੱਥਾਂ 'ਚ ਸਾਂਭ ਸਕਦਾ ਹਾਂ
ਮੇਰੇ ਹੱਥ ਜਦ ਮਹਿਬੂਬ ਦਾ ਹੱਥ ਮੰਗਦੇ ਹਨ
ਫੜਨ ਨੂੰ ਤਾਂ ਮੈਂ ਚੰਨ ਵੀ ਹੱਥਾਂ 'ਚ ਫੜਨਾ ਲੋਚਦਾ ਹਾਂ।

ਮੇਰੇ ਹੱਥਾਂ ਨੂੰ ਪਰ
ਸੀਖਾਂ ਦੀ ਛੁਹ ਬੇ-ਸ਼ਿਕਵਾ ਮੁਬਾਰਕ ਹੈ
ਨਾਲੇ ਕੋਠੜੀ ਦੇ ਇਸ ਹਨੇਰੇ ਵਿਚ ਮੇਰੇ ਹੱਥ, ਹੱਥ ਨਹੀ ਹੁੰਦੇ-
ਸਿਰਫ ਚਪੇੜ ਹੁੰਦੇ ਹਨ…

ਹੱਥ ਮਿਲਾਉਣ 'ਤੇ ਪਾਬੰਦੀ ਸਿਸਕਦੀ ਰਹਿ ਜਾਂਦੀ ਹੈ
ਜਦ ਅਚਨਚੇਤ ਕੋਈ ਸਾਥੀ ਸਾਮ੍ਹਣੇ ਆਉਂਦਾ ਹੈ
ਹੱਥ ਖੁਦ-ਬ-ਖੁਦ
ਮੁੱਕਾ ਬਣ ਕੇ ਲਹਿਰਾਉਣ ਲਗਦੇ ਹਨ…

ਦਿਨ ਹੱਥ ਖਿੱਚਦਾ ਹੈ
ਤਾਂ ਰਾਤ ਹੱਥ ਵਧਾਉਂਦੀ ਹੈ
ਕੋਈ ਹੱਥ ਖੋਹ ਨਹੀਂ ਸਕਦਾ ਇਨ੍ਹਾਂ ਹੱਥਾਂ ਦਾ ਸਿਲਸਿਲਾ
ਤੇ ਕਦੀ ਬੂਹੇ ਦੇ ਪੰਜਾਂ ਦੇ ਪੰਜ ਸਰੀਏ
ਬਣ ਜਾਂਦੇ ਹਨ ਕੋਈ ਬੜੇ ਪਿਆਰੇ ਹੱਥ-
ਇਕ ਹੱਥ ਮੇਰੇ ਪਿੰਡ ਦੇ ਬਜ਼ੁਰਗ ਤੁਲਸੀ ਦਾ
ਜਿਸ ਦੀਆਂ ਉਂਗਲਾਂ
ਵਰ੍ਹਿਆਂ ਨੂੰ ਗੁੰਨ੍ਹ ਗੁੰਨ੍ਹ ਕੇ ਸੀ ਏਨੀਆਂ ਹੰਭੀਆਂ
ਕਿ ਮੈਂਨੂੰ ਪੜ੍ਹਾਉਂਦਿਆਂ
ਉਰਦੂ ਦੇ ਮੁੱਢਲੇ ਸਬਕ
ਬਣ ਜਾਂਦਾ ਸੀ ਉਸ ਤੋਂ ਅਲਫ਼ ਦਾ 'ਤ'…

ਇਕ ਹੱਥ ਜਗੀਰੀ ਦਰਜ਼ੀ ਦਾ
ਜੋ ਜਦੋਂ ਵੀ ਮੈਂਨੂੰ ਜਾਂਘਿਆ ਸਿਉਂ ਕੇ ਦਿੰਦਾ
ਤਾਂ ਲੈਂਦਾ ਸੀ ਮਿਹਨਤ
ਮੇਰੇ ਕੰਨ ਮਰੋੜਨ ਦੀ
ਤੇ ਇਹ ਜਾਣਦਿਆਂ ਹੋਇਆਂ ਵੀ ਕਿ ਮੈਂ ਉਲਟ ਕਰਨੋ
ਬਾਜ਼ ਨਹੀਂ ਆਉਣਾ
ਨਸੀਹਤ ਕਰਦਾ ਸੀ-
ਪਸ਼ੂਆਂ ਨਾਲ ਛੱਪੜ 'ਚ ਨਾ ਵੜਿਆ ਕਰ
ਜੰਗ ਪੁਲੰਗਾ ਖੇਡਣੋਂ ਹਟਣੈਂ ਕਿ ਨਹੀਂ ?

ਇਕ ਹੱਥ ਪਿਆਰੇ ਨਾਈ ਦਾ
ਜੋ ਕਟਦੇ ਹੋਏ ਮੇਰੇ ਵਾਲ
ਡਰਦਾ ਰਹਿੰਦਾ ਸੀ ਮੇਰੇ ਸਿੱਖ ਘਰਦਿਆਂ ਤੋਂ…

ਇਕ ਮਰੋ ਦਾਈ ਦਾ
ਜਿਸ ਦੇ ਹੱਥ ਸੀ ਕੋਈ 'ਤਵਾ'
ਜੋ ਸਦਾ ਰਾਗ ਗਾਉਂਦਾ ਸੀ
"ਜੀਅ ਜਾਗ ਵੇ ਪੁੱਤ !"
ਦਾ ਰਾਗ ਗਾਉਂਦਾ ਸੀ
ਤੇ ਇਕ ਹੱਥ ਦਰਸ਼ੂ ਦਿਹਾੜੀਏ ਦਾ
ਜਿਸ ਨੇ ਪੀ ਲਈ ਅੱਧੀ ਸਦੀ
ਰੱਖ ਕੇ ਹੁੱਕੇ ਦੀ ਚਿਲਮ ਵਿਚ…
ਮੈਥੋਂ ਕੋਈ ਖੋਹ ਨਹੀਂ ਸਕਦਾ
ਇਨ੍ਹਾਂ ਹੱਥਾਂ ਦਾ ਸਿਲਸਿਲਾ
ਹੱਥ ਜੇਬਾਂ 'ਚ ਹੋਣ ਜਾਂ ਬਾਹਰ
ਹੱਥ-ਕੜੀ 'ਚ ਹੋਣ ਜਾਂ ਬੰਦੂਕ ਦੇ ਕੁੰਦੇ 'ਤੇ
ਹੱਥ ਹੱਥ ਹੁੰਦੇ ਹਨ
ਤੇ ਹੱਥਾਂ ਦਾ ਇਕ ਧਰਮ ਹੁੰਦਾ ਹੈ

ਹੱਥ ਜੇ ਹੋਣ ਤਾਂ
ਜੋੜਨ ਲਈ ਹੀ ਨਹੀਂ ਹੁੰਦੇ
ਨਾ ਦੁਸ਼ਮਣ ਸਾਮ੍ਹਣੇ ਚੁੱਕਣ ਨੂੰ ਹੀ ਹੁੰਦੇ ਹਨ
ਇਹ ਗਿੱਚੀਆਂ ਮਰੋੜਨ ਲਈ ਵੀ ਹੁੰਦੇ ਹਨ
ਹੱਥ ਜੇ ਹੋਣ ਤਾਂ
ਹੀਰ ਦੇ ਹੱਥੋਂ ਚੂਰੀ ਫੜਨ ਲਈ ਹੀ ਨਹੀਂ ਹੁੰਦੇ
ਸੈਦੇ ਦੀ ਜਨੇਤ ਡੱਕਣ ਲਈ ਵੀ ਹੁੰਦੇ ਹਨ
ਹੱਥ ਕਿਰਤ ਕਰਨ ਲਈ ਹੀ ਨਹੀਂ ਹੁੰਦੇ
ਲੋਟੂ ਹੱਥਾਂ ਨੂੰ ਤੋੜਨ ਲਈ ਵੀ ਹੁੰਦੇ ਹਨ

ਜੋ ਹੱਥਾਂ ਦਾ ਧਰਮ ਭੰਗ ਕਰਦੇ ਹਨ
ਜੋ ਹੱਥਾਂ ਦੇ ਸੁਹਜ ਦਾ ਅਪਮਾਨ ਕਰਦੇ ਹਨ
ਉਹ ਪਿੰਗਲੇ ਹੁੰਦੇ ਹਨ
ਹੱਥ ਤਾਂ ਹੁੰਦੇ ਹਨ ਸਹਾਰਾ ਦੇਣ ਲਈ
ਹੱਥ ਤਾਂ ਹੁੰਦੇ ਹਨ ਹੁੰਗਾਰਾ ਦੇਣ ਲਈ।

(ਜੇਲ੍ਹ 'ਚੋਂ)



10. ਰਿਹਾਈ : ਇੱਕ ਪ੍ਰਭਾਵ 


ਤੁਸੀਂ ਜਦ ਬਾਹਰ ਆਉਂਦੇ ਹੋ
ਤਾਂ ਮੁੜ ਕੇ ਰਿੜ੍ਹਨਾ ਤੇ ਸਿੱਖਣਾ ਨਹੀਂ ਪੈਂਦਾ
ਜ਼ਬਾਨ ਤੋਤਲੀ ਨਹੀਂ ਹੁੰਦੀ
ਨਾ ਮਾਂ ਦੇ ਦੁੱਧ ਦੀ ਤਲਬ ਹੁੰਦੀ ਹੈ

ਤੁਸੀਂ ਆਸਮਾਨ ਉਤੇ ਲਿਖੇ ਨਾਵਾਂ ਵਿਚੋਂ
ਆਪਣਾ ਨਾਮ ਲੱਭਦੇ ਹੋ
ਹਵਾ ਤਸਦੀਕ ਕਰਦੀ ਹੈ
ਤੇ ਪੌਦੇ ਜਸ਼ਨ ਕਰਦੇ ਹਨ- ਇੰਜ ਸ਼ੁਰੂ ਹੁੰਦਾ ਹੈ, ਜ਼ਿੰਦਗੀ ਦਾ ਅਮਲ ਫਿਰ ਤੋਂ…
ਫਿਰ ਉਹ ਸੰਘਰਸ਼ ਦੀ ਕਥਾ, ਰੂਹ ਨੂੰ ਪਰਚਾਣ ਲਈ
ਫਿਰ ਉਹ ਲੋਕਾਂ ਦਾ ਜੰਗਲ ਗਵਾਚ ਜਾਣ ਲਈ
ਫਿਰ ਉਹੀ ਜਿੱਤ ਦੀ ਉਮੀਦ…
ਇੰਜ ਸ਼ੁਰੂ ਹੁੰਦਾ ਹੈ
ਜ਼ਿੰਦਗੀ ਦਾ ਅਮਲ ਫਿਰ ਤੋਂ।

(ਜੇਲ੍ਹ 'ਚੋਂ)



11.ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਸਾਥੀ, ਉਦਾਸ ਮੌਸਮ ਲਈ
ਅਸੀਂ ਲੜਾਂਗੇ ਸਾਥੀ, ਗ਼ੁਲਾਮ ਸੱਧਰਾਂ ਲਈ
ਅਸੀਂ ਚੁਣਾਂਗੇ ਸਾਥੀ, ਜ਼ਿੰਦਗੀ ਦੇ ਟੁਕੜੇ

ਹਥੌੜਾ ਹੁਣ ਵੀ ਚਲਦਾ ਹੇ,ਉਦਾਂਸ਼ ਅਹਿਰਨ 'ਤੇ
ਸਿਆੜ ਹੁਣ ਵੀ ਵਗਦੇ ਨੇ, ਚੀਕਦੀ ਧਰਤੀ 'ਤੇ
ਇਹ ਕੰਮ ਸਾਡਾ ਨਹੀਂ ਬਣਦਾ, ਸਵਾਲ ਨੱਚਦਾ ਹੈ
ਸਵਾਲ ਦੇ ਮੌਰਾਂ ਤੇ ਚੜ੍ਹ ਕੇ
ਅਸੀਂ ਲੜਾਂਗੇ ਸਾਥੀ

ਕਤਲ ਹੋਏ ਜਜ਼ਬਿਆਂ ਦੀ ਕਸਮ ਖਾ ਕੇ
ਬੁਝੀਆਂ ਹੋਈਆਂ ਨਜ਼ਰਾਂ ਦੀ ਕਸਮ ਖਾ ਕੇ
ਹੱਥਾਂ 'ਤੇ ਪਏ ਰੱਟਣਾਂ ਦੀ ਕਸਮ ਖਾ ਕੇ
ਅਸੀਂ ਲੜਾਂਗੇ ਸਾਥੀ

ਅਸੀਂ ਲੜਾਂਗੇ ਤਦ ਤੱਕ
ਕਿ ਵੀਰੂ ਬੱਕਰੀਆਂ ਵਾਲਾ ਜਦੋਂ ਤੱਕ
ਬੱਕਰੀਆਂ ਦਾ ਮੂਤ ਪੀਂਦਾ ਹੈ
ਖਿੜੇ ਹੋਏ ਸਰ੍ਹੋਂ ਦੇ ਫੁੱਲਾਂ ਨੂੰ
ਜਦੋਂ ਤੱਕ ਵਾਹੁਣ ਵਾਲੇ ਆਪ ਨਹੀਂ ਸੁੰਘਦੇ
ਕਿ ਸੁੱਜੀਆਂ ਅੱਖੀਆਂ ਵਾਲੀ
ਪਿੰਡ ਦੀ ਅਧਿਆਪਕਾ ਦਾ ਪਤੀ ਜਦੋਂ ਤੱਕ
ਜੰਗ ਤੋਂ ਪਰਤ ਨਹੀਂ ਆਉਂਦਾ
ਜਦੋਂ ਤੱਕ ਪੁਲਸ ਦੇ ਸਿਪਾਹੀ
ਆਪਣੇ ਹੀ ਭਰਾਵਾਂ ਦਾ ਗਲਾ ਘੁੱਟਣ ਤੇ ਬਾਧਕ ਹਨ
ਕਿ ਬਾਬੂ ਦਫਤਰਾਂ ਵਾਲੇ
ਜਦੋਂ ਤੱਕ ਲਹੂ ਦੇ ਨਾਲ ਹਰਫ ਪਾਉਂਦੇ ਹਨ…
ਅਸੀਂ ਲੜਾਂਗੇ ਜਦ ਤੱਕ
ਦੁਨੀਆ 'ਚ ਲੜਨ ਦੀ ਲੋੜ ਬਾਕੀ ਹੈ…

ਜਦੋਂ ਬੰਦੂਕ ਨਾ ਹੋਈ, ਓਦੋਂ ਤਲਵਾਰ ਹੋਵੇਗੀ
ਜਦੋਂ ਤਲਵਾਰ ਨਾ ਹੋਈ, ਲੜਨ ਦੀ ਲਗਨ ਹੋਵੇਗੀ
ਲੜਨ ਦੀ ਜਾਚ ਨਾ ਹੋਈ, ਲੜਨ ਦੀ ਲੋੜ ਹੋਵੇਗੀ
ਤੇ ਅਸੀਂ ਲੜਾਂਗੇ ਸਾਥੀ………….
ਅਸੀਂ ਲੜਾਂਗੇ
ਕਿ ਲੜਨ ਬਾਝੋਂ ਕੁਝ ਵੀ ਨਹੀਂ ਮਿਲਦਾ
ਅਸੀਂ ਲੜਾਂਗੇ
ਕਿ ਹਾਲੇ ਤੱਕ ਲੜੇ ਕਿਉਂ ਨਹੀਂ

ਅਸੀਂ ਲੜਾਂਗੇ
ਆਪਣੀ ਸਜ਼ਾ ਕਬੂਲਣ ਲਈ
ਲੜ ਕੇ ਮਰ ਚੁੱਕਿਆਂ ਦੀ ਯਾਦ ਜ਼ਿੰਦਾ ਰੱਖਣ ਲਈ
ਅਸੀਂ ਲੜਾਂਗੇ ਸਾਥੀ…।



12. ਦਰੋਣਾਚਾਰੀਆ ਦੇ ਨਾਂਅ

ਮੇਰੇ ਗੁਰਦੇਵ ! ਜੇ ਓਦੋਂ ਹੀ ਤੁਸੀਂ ਇਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ
ਤਾਂ ਕਹਾਣੀ ਹੋਰ ਸੀ……

ਪਰ ਐਨ. ਸੀ. ਸੀ. ਵਿਚ
ਤੁਸਾਂ ਬੰਦੂਕ ਚੁੱਕਣ ਦਾ ਨੁਕਤਾ ਤਾਂ ਆਪ ਦੱਸਿਆ ਸੀ
ਕਿ ਆਪਣੇ ਦੇਸ਼ ਦੇ ਉੱਤੇ
ਜਦੋਂ ਕੋਈ ਭੀੜ ਬਣ ਜਾਵੇ
ਤਾਂ ਕੀਕਣ ਟਾਰਗਟ ਦੁਸ਼ਮਣ ਨੂੰ ਧਾਰ ਕੇ
ਤੇ ਘੋੜਾ ਨੱਪ ਦੇਣਾ ਹੈ-

ਹੁਣ ਜਦੋਂ ਦੇਸ਼ ਉੱਤੇ ਭੀੜ ਆਈ ਹੈ
ਮੇਰੇ ਗੁਰਦੇਵ !
ਆਪੂੰ ਹੀ ਤੁਸੀਂ ਦਰਯੋਧਨਾਂ ਸੰਗ ਜਾ ਖਲੋਤੇ ਹੋ
ਪਰ ਹੁਣ ਤੁਹਾਡਾ ਚੱਕਰ-ਵਯੂਹ
ਕਿਧਰੇ ਵੀ ਕਾਰਗਰ ਨਹੀਂ ਹੋਣਾ
ਤੇ ਪਹਿਲੇ ਵਾਰ ਅੰਦਰ ਹੀ
ਹਰ ਘਣਚੱਕਰ ਦਾ
ਚੁਰਾਸੀ-ਚੱਕਰ ਕੱਟਿਆ ਜਾਵੇਗਾ
ਹਾਂ, ਜੇ ਬਾਲ ਉੱਮਰੇ ਹੀ, ਤੁਸੀਂ ਇਕ ਭੀਲ ਬੱਚਾ ਸਮਝ ਕੇ
ਮੇਰਾ ਅੰਗੂਠਾ ਕੱਟ ਦਿੰਦੇ ਤਾਂ ਕਹਾਣੀ ਹੋਰ ਸੀ…।



13. ਸੁਣੋ

ਸਾਡੇ ਚੁਲ੍ਹੇ ਦਾ ਸੰਗੀਤ ਸੁਣੋ
ਸਾਡੀ ਦਰਦ-ਮੰਦਾਂ ਦੀ ਪੀੜ-ਵਲ੍ਹੇਟੀ ਚੀਕ ਸੁਣੋ
ਮੇਰੀ ਪਤਨੀ ਦੀ ਫ਼ਰਮਾਇਸ਼ ਸੁਣੋ
ਮੇਰੀ ਬੱਚੀ ਦੀ ਹਰ ਮੰਗ ਸੁਣੋ
ਮੇਰੀ ਬੀੜੀ ਵਿਚਲੀ ਜ਼ਹਿਰ ਮਿਣੋ
ਮੇਰੇ ਖੰਘਣ ਦੀ ਮਿਰਦੰਗ ਸੁਣੋ
ਮੇਰੀ ਟਾਕੀਆਂ ਭਰੀ ਪਤਲੂਣ ਦਾ ਹਉਕਾ ਸਰਦ ਸੁਣੋ
ਮੇਰੇ ਪੈਰ ਦੀ ਪਾਟੀ ਜੁੱਤੀ 'ਚੋਂ
ਮੇਰੇ ਪਾਟੇ ਦਿਲ ਦਾ ਦਰਦ ਸੁਣੋ
ਮੇਰੀ ਬਿਨਾਂ-ਸ਼ਬਦ ਆਵਾਜ਼ ਸੁਣੋ
ਮੇਰੇ ਬੋਲਣ ਦਾ ਅੰਦਾਜ਼ ਸੁਣੋ
ਮੇਰੇ ਗ਼ਜ਼ਬ ਦਾ ਜ਼ਰਾ ਕਿਆਸ ਕਰੋ
ਮੇਰੇ ਰੋਹ ਦਾ ਜ਼ਰਾ ਹਿਸਾਬ ਸੁਣੋ
ਮੇਰੇ ਸ਼ਿਸ਼ਟਾਚਾਰ ਦੀ ਲਾਸ਼ ਲਵੋ
ਮੇਰੀ ਵਹਿਸ਼ਤ ਦਾ ਹੁਣ ਰਾਗ ਸੁਣੋ
ਆਓ ਅੱਜ ਅਨਪੜ੍ਹ ਜਾਂਗਲੀਆਂ ਤੋਂ
ਪੜ੍ਹਿਆ ਲਿਖਿਆ ਗੀਤ ਸੁਣੋ
ਤੁਸੀਂ ਗ਼ਲਤ ਸੁਣੋ ਜਾਂ ਠੀਕ ਸੁਣੋ
ਸਾਡੇ ਤੋਂ ਸਾਡੀ ਨੀਤ ਸੁਣੋ ।


14. ਜੰਗ : ਕੁਝ ਪ੍ਰਭਾਵ 

੧)
ਝੂਠ ਬੋਲਦੇ ਨੇ
ਇਹ ਜਹਾਜ਼ ਬੱਚਿਓ !
ਇਨ੍ਹਾਂ ਦਾ ਸੱਚ ਨਾ ਮੰਨਣਾ
ਤੁਸੀਂ ਖੇਡਦੇ ਰਹੋ
ਘਰ ਬਨਾਉਣ ਬਨਾਉਣ………
(੨)
ਠੰਡਾ ਚੰਨ ਪਿਆ ਬਿੱਟ ਬਿੱਟ ਤੱਕੇ
ਧੁੰਦ 'ਚ ਉੱਤਰਦੀ ਹਵਾਈ-ਛਤਰੀ
ਡੋਰਾਂ 'ਚ ਫਸੀ ਹੋਈ ਲਾਸ਼
ਆਓ ਦੇਖੋ-
ਉਨ੍ਹਾਂ ਨੇ ਮੁੱਲ ਪਾਇਆ ਹੈ
ਪੋਹ ਦੀ ਚਾਂਨਣੀ ਦਾ
ਆਓ ਦੇਖੋ-
ਉਨ੍ਹਾਂ ਦੇ ਕੰਮ ਆਈ ਹੈ
ਗ਼ਰੀਬ ਦੀ ਜਵਾਨੀ………
(੩)
ਰੇਡੀਓ ਨੂੰ ਆਖੋ
ਸੁਹੰ ਖਾ ਕੇ ਤਾਂ ਕਹੇ
ਧਰਤੀ ਜੇ ਮਾਂ ਹੁੰਦੀ ਤਾਂ' ਕਿਸ ਦੀ ?
ਇਹ ਪਾਕਿਸਤਾਨੀਆਂ ਦੀ ਕੀ ਹੋਈ ?
ਤੇ 'ਭਾਰਤ' ਵਾਲਿਆਂ ਦੀ ਕੀ ਲੱਗੀ ?
(੪)
ਚੋਰੋ, ਵੇ ਚੋਰੋ !
ਆਪਣਾ ਮਾਲ ਵੰਡਣ ਲਈ
ਕਿਤੇ ਬਾਹਰ ਜਾ ਕੇ ਲੜੋ
ਜਾਗ ਹੀ ਨਾ ਉੱਠਣ ਮਤਾਂ ਘਰ ਵਾਲੇ
ਸੁਣਿਆ
ਬੁਰੀ ਹੁੰਦੀ ਹੈ ਵਾਹਰ ਦੀ ਕੁੱਟ…………
(੫)
ਉਹ ਰੇਡੀਓ ਨਹੀਂ ਸੁਣਦੇ
ਅਖ਼ਬਾਰਾਂ ਨਹੀਂ ਪੜ੍ਹਦੇ
ਜਹਾਜ਼ ਖੇਤਾਂ ਵਿਚ ਹੀ ਦੇ ਜਾਂਦੇ ਹਨ ਖ਼ਬਰ ਸਾਰ
ਮੁੰਨੇ ਨੂੰ ਮੁੱਠ ਵਿਚ ਘੁੱਟ ਕੇ
ਉਹ ਕੇਵਲ ਹੱਸ ਛੱਡਦੇ ਹਨ
ਕਿਉਂਕਿ ਉਹ ਸਮਝਦੇ ਹਨ
ਕਿ ਹਲ ਦੀ ਵੇਲ ਕਮਲੀ ਨਹੀਂ
ਕਮਲੀ ਤਾਂ ਤੋਪ ਹੁੰਦੀ ਹੈ
(੬)
ਅਸੀਂ ਹਨ੍ਹੇਰੀ ਨੁੱਕਰ ਦੇ ਵਿਚ
ਗੁੰਮ ਸੁੰਮ ਬੈਠੇ ਸੋਚ ਰਹੇ ਹਾਂ
ਹੋਰ ਘੜੀ ਤਾਈਂ ਚੰਨ ਚੜ੍ਹੇਗਾ
ਭੁਰਿਆ ਭੁਰਿਆ
ਖੁੱਸਿਆ ਖੁੱਸਿਆ
ਤਾਂ ਬੱਚਿਆਂ ਨੂੰ ਆਖਾਂਗੇ
ਐਸ ਤਰ੍ਹਾਂ ਦਾ ਚੰਨ ਹੁੰਦਾ ਏ ?



15. ਉਡੀਕ 

ਨਹੀਂ, ਇਹ ਗਲ ਤਾਂ ਕਦੇ ਨਹੀਂ ਹੋਣੀ
ਕਿ ਤਾਰੇ ਹੀ ਬਹਿਲਾ ਦੇਣਗੇ ਮਹਿਬੂਬ ਦਾ ਮਨ
ਹੋ ਸਕਦਾ ਏ
ਰਾਤਾਂ ਦਾ ਜ਼ਹਿਰ ਘਟ ਜਾਵੇ
ਜਦੋਂ ਹਨ੍ਹੇਰਾ ਜਿੱਤ ਲਿਆ ਗਿਆ…

ਫਿਰ ਸ਼ਾਇਦ ਸਿਗਰਟ ਨਾਲ ਅੰਦਰ ਲੂਹਣ ਦੀ
ਜ਼ਰੂਰਤ ਨਾ ਰਹੇ
ਸ਼ਾਇਦ ਆਵਾਰਗੀ ਦੀ ਜ਼ਿੱਲਤ ਘਟ ਜਾਏ
ਮੁੱਕ ਜਾਏ ਬੇਚਾਰਗੀ ਦਾ ਦਰਦ…

ਸ਼ਾਇਦ ਉਮਰ ਦੇ ਸਫ਼ੇ 'ਤੇ
ਗ਼ਲਤੀਆਂ ਲਾਉਣ ਦੀ ਮੁਸ਼ਕਲ, ਡੂੰਘੀ ਨਾ ਰਹੇ ਏਨੀ
ਹੋ ਸਕਦਾ ਹੈ
ਨਫਰਤ 'ਚ ਭੱਜਣ ਦਾ ਸੰਕਟ ਨਾ ਰਹੇ
ਤੇ ਆਪਣੇ ਚਿਹਰੇ ਨੂੰ ਪਹਿਚਾਣ ਕੇ
ਆਪਣਾ ਕਹਿ ਸਕਣ ਦੀ ਸ਼ਰਮ ਨਾ ਰਹੇ…

ਉਡੀਕ ਤਾਂ ਸ਼ਾਇਦ
ਕਦੇ ਵੀ ਖਤਮ ਨਾ ਹੋਵੇ ।



16. ਉਮਰ


ਉਹ ਸੌਂ ਹੀ ਜਾਣਗੇ ਆਖ਼ਿਰ
ਰਾਤ ਨੂੰ ਜਾਗਦੀ ਛੱਡ ਕੇ
ਚਾਂਦਨੀ ਥਿਰਕ ਉੱਠੇਗੀ
ਤਰੇਲੀ ਧਰਤ ਦੇ ਉੱਤੇ
ਲੁੜ੍ਹਕਦੀ ਰਾਤ ਜਾਵੇਗੀ
ਸੁਪਨਿਆਂ ਦੀ ਪਹਾੜੀ 'ਤੇ…

ਜਦੋਂ ਨਜ਼ਰਾਂ ਲੁਕਾਵਣਗੇ
ਬਿਸਤਰੇ ਸ਼ਰਮ ਦੇ ਮਾਰੇ
ਤਲੀ 'ਤੋਂ ਤਿਲਕ ਜਾਵੇਗਾ
ਗੁਲਾਬੀ ਫੁੱਲ ਸਰਘੀ ਦਾ…

ਉਹ ਮੇਰੇ ਗੀਤ ਲੈ ਕੇ ਫੇਰ
ਆਪਣਾ ਹੁਨਰ ਪਾਲਣਗੇ
ਸਮੇਂ ਦੀ ਓਟ ਵਿਚ ਚਿਹਰੇ
ਉਨ੍ਹਾਂ ਦੇ ਬੀਤਦੇ ਜਾਂਦੇ
ਉਹ ਨਿੱਤ ਫ਼ਿਕਰਾਂ ਦੇ ਧੱਕੇ ਰੀਂਗਦੇ ਜਾਂਦੇ…।


17. ਸੰਕਟ ਦੇ ਪਲ 

ਐ ਸੰਕਟ ਦੇ ਪਲ !
ਮੈਂ ਤੁਰਿਆ ਹਾਂ ਉਂਗਲਾਂ 'ਚ ਫੜ ਕੇ
ਆਪਣੇ ਅਨੰਤ ਦੇ ਅਛੋਹ ਟੁਕੜੇ
ਤੇਰੇ ਵਰਤਮਾਨ ਦੇ ਛੱਲੇ ਦੇ ਲੰਘਾਉਣ ਲਈ
ਤੇਰੇ ਨਾ 'ਚੋਂ ਤੈਨੂੰ ਪੈਦਾ ਕਰਨ ਵਾਸਤੇ
ਐ ਸੰਕਟ ਦੇ ਪਲ !

ਏਥੇ ਇਕ ਦਰਿਆ ਹੈ ਆਵਾਜ਼ਾਂ ਦਾ
ਜਿਹਦੇ 'ਚ ਮੇਰੀਆਂ ਨਜ਼ਮਾਂ ਡੁੱਬ ਗਈਆਂ
ਤੇਰਾ ਤੇ ਮੇਰਾ ਸਾਂਝਾ ਅਤੀਤ ਗਲ ਗਿਆ ਹੈ
ਇਕ ਕਾਗਜ਼ ਦੀ ਬੇੜੀ ਵਾਂਗ…
ਐ ਸੰਕਟ ਦੇ ਪਲ !
ਏਥੇ ਖੁਸ਼ਕ ਧੂੜ ਉਡਦੀ ਹੈ ਵੀਰਾਨ ਰਾਹਾਂ 'ਤੇ
ਤੇ ਧੂੜ 'ਚ ਉਡ ਜਾਂਦੇ ਹਨ
ਉਮਰ ਦੇ ਸਾਲ
ਪੁਲਾੜ 'ਚ ਲੀਕ ਨਾ ਤੂੰ ਵਾਹ ਸਕਣੀ ਏ, ਨਾ ਮੈਂ
-ਤੇ ਆਪਣਾ ਇਹੀ ਰਿਸ਼ਤਾ ਹੈ
ਪਰ ਮੈਂਨੂੰ ਮਹਿਸੂਸ ਕਰਨ ਦੇ
ਤੇਰੇ ਪਿੰਡੇ ਵਿਚ ਹੋ ਰਹੀ ਇਤਿਹਾਸ ਦੀ ਪੀੜ
ਮੇਰੀ ਖੁਰਦਰੀ ਤਲੀ 'ਤੇ
ਤੂੰ ਆਪਣਾ 'ਕੁਝ ਨਹੀਂ' ਰੱਖ ਦੇ
ਮੈਂ ਤੇਰੇ ਲਪਕਦੇ ਧੜ ਨੂੰ
ਇਹ ਆਪਣੇ ਪੈਰ ਭੇਟ ਕਰਦਾ ਹਾਂ…


ਐ ਸੰਕਟ ਦੇ ਪਲ !
ਅੱਜ ਬੂਹੇ 'ਤੇ ਤੇਲ ਚੋਅ-
ਮੈਂ ਤੇਰੀ ਚੁੱਪ ਨੂੰ ਸੁਣਨ ਆਇਆ ਹਾਂ
ਤੇਰੇ ਖਲਾਅ ਨੂੰ ਜੀਣ ਆਇਆ ਹਾਂ ।



18. ਕੱਲ੍ਹ ਨੂੰ

ਸੱਚ
ਮੇਰੀ ਜੀਭ ਜਲ ਰਹੀ ਹੈ ਬੱਲੀਏ
ਲਪ ਕੁ ਝੁਠ ਦਾ ਆਸਰਾ ਦੇ ਦੇ
ਮੈਂ ਤੈਨੂੰ ਪਿਆਰ ਕਰ ਲਵਾਂ

ਚੱਲ, ਅੱਜ ਰਾਤ ਦੀ
ਹਵਾ ਦੀ ਤੇ ਜਿਸਮਾਂ ਦੀ ਮੂੰਹ-ਰਖਾਈ ਹੀ ਸਹੀ
ਕੱਲ੍ਹ ਨੂੰ
ਮੈਂ ਇਸ ਨੂੰ ਦਰਦ ਕਹਿ ਲਵਾਂਗਾ
ਕੱਲ੍ਹ ਨੂੰ
ਤੂੰ ਇਸ ਨੂੰ ਗ਼ਲਤੀ ਆਖ ਲਈਂ…।



19. ਤੇਰੇ ਕੋਲ

ਤੇਰੇ ਕੋਲ ਦਿਲ ਦਾ ਸੱਚ ਕਹਿਣਾ
ਦਿਲ ਦੀ ਬੇਅਦਬੀ ਹੈ
ਸੱਚ ਦੀ ਬੇਅਦਬੀ ਹੈ
ਤੇਰੇ ਕੋਲ ਗਿਲਾ ਕਰਨਾ ਇਸ਼ਕ ਦੀ ਹੇਠੀ ਹੈ
ਜਾ, ਤੂੰ ਸ਼ਿਕਾਇਤ ਦੇ ਕਾਬਿਲ ਹੋ ਕੇ ਆ
ਅਜੇ ਤਾਂ ਮੇਰੀ ਹਰ ਸ਼ਿਕਾਇਤ ਤੋਂ
ਤੇਰਾ ਕਦ ਬੜਾ ਛੋਟਾ ਹੈ

ਕਦੇ ਵੀ ਗਲ ਸਕਦੀ ਹੈ
ਮੇਰੇ ਲਹੂ ਦਰਿਆ 'ਚ
ਅਦਾਵਾਂ ਦੀ ਇਹ ਘਸੀ ਹੋਈ ਕਿਸ਼ਤੀ
ਕਿਸੇ ਵੀ ਵਕਤ
ਤੂਫਾਨਾਂ ਦੀ ਸਹੁੰ ਖਾ ਸਕਦੀ ਹੈ
ਮੇਰੇ ਦਿਲ ਦੀ ਧਰਤੀ…

ਇਹ ਦਰਦ ਪੱਥਰੀਲਾ ਹੁੰਦਾ ਹੈ
ਜ਼ਿੰਦਗੀ ਵਰਗਾ
ਜ਼ਿੰਦਗੀ, ਜੋ ਗੁਲਸ਼ਨ ਨੰਦਾ ਦਾ ਨਾਵਲ ਨਹੀਂ
ਪਹਾੜੀ ਸੜਕ ਵਾਕੁਰ ਕਠਨ ਹੁੰਦੀ ਹੈ ।



20. ਬੱਸ ਕੁੱਝ ਪਲ ਹੋਰ

ਬੱਸ ਕੁੱਝ ਪਲ ਹੋਰ
ਤੇਰੇ ਚਿਹਰੇ ਦੀ ਯਾਦ ਵਿਚ
ਬਾਕੀ ਤਾਂ ਸਾਰੀ ਉਮਰ
ਆਪਣੇ ਨਕਸ਼ ਹੀ ਢੂੰਢਣ ਤੋਂ ਵਿਹਲ ਮਿਲਣੀ ਨਹੀਂ

ਬੱਸ ਕੁੱਝ ਪਲ ਹੋਰ
ਇਹ ਤਾਰਿਆਂ ਦਾ ਗੀਤ
ਫੇਰ ਤਾਂ ਅੰਬਰ ਦੀ ਚੁੱਪ ਨੇ
ਸਭ ਕੁੱਝ ਨਿਗਲ ਹੀ ਜਾਣਾ ਹੈ…

ਦੇਖ, ਕੁੱਝ ਪਲ ਹੋਰ
ਚੰਨ ਦੀ ਚਾਂਦਨੀ 'ਚ ਚਮਕਦੀ
ਇਹ ਤਿੱਤਰ-ਖੰਬੀ ਬੱਦਲੀ
ਸ਼ਾਇਦ ਮਾਰੂਥਲ ਹੀ ਬਣ ਜਾਵੇ
ਇਹ ਸੁੱਤੇ ਪਏ ਮਕਾਨ
ਸ਼ਾਇਦ ਅੱਭੜਵਾਹੇ ਉੱਠ ਕੇ
ਜੰਗਲ ਨੂੰ ਹੀ ਤੁਰ ਪੈਣ…।



21. ਕੌਣ ਦਏ ਧਰਵਾਸ

ਕੌਣ ਦਏ ਧਰਵਾਸ
ਖਲੋ ਕੇ ਪਾਸ
ਹੈ ਭੁਰੇ ਪਤਾਸੇ ਵਰਗਾ
ਜੀਵਨ ਦਾ ਇਤਿਹਾਸ-

ਮਿੱਟੀ ਦੇ ਵਿਚ ਮਿੱਟੀ ਹੋਇਆ
ਮਿੱਟੀ ਵਰਗੀਆਂ ਖੇਡਾਂ
ਮੈਥੋਂ ਵੱਟਿਆ ਵੱਟਿਆ ਮੇਰਾ
ਬਚਪਨ ਲੰਘ ਗਿਆ ਏਦਾਂ
ਜਿਉਂ ਰੁੱਸੀ ਹੋਵੇ ਮਹਿਬੂਬ
ਨਾ ਕਰੇ ਖਰੂਦ
ਤੇ ਮਨ ਦਾ ਵਿਹੜਾ ਰਹੇ ਉਦਾਸ
ਕੌਣ ਦਏ ਧਰਵਾਸ।

ਉਮਰ ਦੇ ਰੁੱਖ ਤੋਂ ਹੋ ਗਿਆ ਲੰਮਾ
ਫ਼ਿਕਰਾਂ ਦਾ ਪਰਛਾਵਾਂ।
ਰੇਸ਼ਮ ਵਾਂਗ ਹੰਢਾ ਲਿਆ ਮੈਨੂੰ
ਲੋਹੇ ਦੀਆਂ ਘਟਨਾਵਾਂ।



22. ਸੈਂਸਰ ਹੋਣ ਵਾਲੇ ਖ਼ਤ ਦਾ ਦੁਖਾਂਤ

ਤੇਰੇ ਤੇ ਮੇਰੇ ਵਿਚਾਲੇ
ਸੈਂਸਰ ਹੋਣ ਵਾਲਾ ਕੁਝ ਵੀ ਨਹੀਂ ਭਾਵੇਂ
ਪਰ ਤੇਰਾ ਖਤ ਜਦੋਂ ਤੜਫੇਗਾ ਜਹਾਲਤ ਦੀ ਤਲੀ ਉੱਤੇ
ਬੜੇ ਹੋਵਣਗੇ ਅਰਥਾਂ ਦੇ ਅਨਰਥ-

ਤੇਰੀ ਰੱਬ ਤੇ ਨਿਹਚਾ ਦੇ ਅਰਥ
ਪੁਲਸੀਆ ਕੁਝ ਹੋਰ ਕੱਢੇਗਾ।
ਤੇਰੇ ਚਿਰਾਂ ਤੋਂ ਨਾ ਮਿਲਣ ਦੇ ਸ਼ਿਕਵੇ ਨੂੰ
ਉਹ ਸਮਝੇਗਾ
ਢਿੱਲੇ ਪੈ ਰਹੇ ਅਨੁਸ਼ਾਸਨ ਲਈ ਅਫਸੋਸ
ਤੇ ਉਨ੍ਹਾਂ ਹੁਸੀਨ ਘੜੀਆਂ ਦੇ ਉਦਾਸ ਜ਼ਿਕਰ ਨੂੰ
ਜੋ ਗ਼ਰਕ ਗਈਆਂ
ਅਸ਼ਵਨੀ ਕੁਮਾਰ ਦੇ ਘੋੜੇ ਦੇ ਪਿੱਛੇ ਉੱਡੀਆਂ ਧੂੜਾਂ 'ਚ
ਓਸ ਉਦਾਸ ਜ਼ਿਕਰ ਨੂੰ
ਸ਼ਹੀਦ ਹੋਏ ਸਾਥੀਆਂ ਦੀ ਯਾਦ ਵਿਚ ਵਿਰਲਾਪ ਸਮਝੇਗਾ

ਤੇਰੇ ਮਹਿੰਗਾਈ ਦੇ ਰੋਣੇ ਨੂੰ,
ਇਨਕਲਾਬੀਆਂ ਦੀ ਬਦਲੀ ਹੋਈ ਨੀਤੀ ਦਾ ਸੰਕੇਤ ਜਾਣੇਗਾ
ਤੇ ਬੰਗਲਾ ਦੇਸ਼ ਵਿਚ ਮਾਰੇ ਗਏ
ਤੇਰੇ ਫੌਜੀ ਵੀਰੇ ਦਾ 'ਮਸੋਸ
ਚੀਨ ਦੀ ਪਿੱਠ ਪੂਰਨੀ ਗਰਦਾਨਿਆ ਜਾਵੇਗਾ
ਤੈਨੂੰ ਕੀ ਪਤਾ ਹੈ, ਕਿੰਝ ਬੀਤੇਗੀ
ਜਦੋਂ ਹੋਣਗੇ ਅਰਥਾਂ ਦੇ ਅਨਰਥ
ਤੇਰਾ ਖ਼ਤ ਬ….ਹੁ….ਤ ਤੜਫੇਗਾ
ਜਹਾਲਤ ਦੀ ਤਲੀ ਉੱਤੇ।



23. ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ

ਰੋਜ਼ ਹੀ ਸਹਿਜੇ ਜਹੇ ਉੱਗ ਆਉਂਦੀ ਹੈ
ਪੱਤਝੜ ਦੀ ਸੰਘਣੀ ਧੁੱਪ,
ਚੁੱਲ੍ਹਿਆਂ ਦਾ ਧੂੰਆਂ ਕੋਠਿਆਂ ਤੇ ਇਕ ਸਹੀ ਨਕਸ਼ਾ ਬਣਾਉਂਦਾ ਹੈ
ਮਨੁੱਖ ਅੰਦਰਲੇ ਦੇਸ਼ ਦਾ
ਜਿਦ੍ਹੇ ਤੋਂ ਸੱਚੀਂ ਮੁੱਚੀਂ ਕੁਝ ਵੀ ਕੁਰਬਾਨ ਹੋ ਸਕਦਾ ਹੈ।
ਰੋਜ਼ ਹੀ ਸਹਿਜੇ ਜਹੇ ਕੰਮ ਛਣਕ ਉੱਠਦੇ ਹਨ
ਤੇ ਸਾਰੀ ਧਰਤੀ ਕੰਨ ਬਣ ਜਾਂਦੀ ਹੈ
ਉਸ ਕੁਆਰੀ ਵਾਂਗ
ਜੋ ਮੁੰਦ ਕੇ ਅਸਮਾਨ ਵਰਗੇ ਨੈਣ
ਸੁਣਦੀ ਹੈ
ਪਹਿਲੀ ਮਾਹਵਾਰੀ ਦਾ ਦਰਦ ਸਹਿਜੇ ਸਹਿਜੇ ਟਪਕਣਾ
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਪੌਣਾਂ ਵਿਚ ਵਾਹੁੰਦੀ ਤੁਰੀ ਜਾਂਦੀ ਹੈ
ਇਤਿਹਾਸ ਵਰਗੀ ਵਿੰਗ ਤੜਿੰਗੀ ਲੀਕ
ਸੁਆਣੀਆਂ ਦੇ ਸਿਰਾਂ ਤੇ ਅਡੋਲ-ਭੱਤੇ ਵਾਲੀ ਟੋਕਰੀ,
ਰੋਜ਼ ਹੀ ਬਲਦਾਂ ਦਿਆਂ ਬੂਟਾਂ 'ਚ ਤਰਦਾ ਹੈ
ਤੂੜੀ ਦੇ ਮੋਟੇ ਟੰਡਲਾਂ ਦਾ ਸਹਿਮਿਆ ਸਵਾਦ
ਜਿਵੇਂ ਬੀਮਾਰੀ ਨਾਲ ਮਰੀ ਹੋਈ
ਪਾਲਤੂ ਕੁਕੜੀ ਦੀ ਦਾਲ ਸੰਘ 'ਚ ਫਸਦੀ ਹੈ,
ਰੋਜ਼ ਹੀ ਕੁੱਤਿਆਂ ਦੀਆਂ ਅੱਖਾਂ 'ਚ ਮਰ ਜਾਂਦੀ ਹੈ ਆਸ
ਰੋਜ਼ ਹੀ ਇਕੋ ਸਮੇਂ ਉੱਠਦਾ ਹੈ
ਕਿਰਸਾਨ ਦੇ ਕੁੱਤੇ ਦੇ ਢਿੱਡ ਵਿਚ
ਅੰਤਲੀ ਬੁਰਕੀ ਦਾ ਝੋਰਾ,
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਰੋਜ਼ ਹੀ ਦੱਬ ਦੇਂਦੀਆਂ ਧੀਆਂ ਧਿਆਂਣੀਆਂ
ਗਿੱਲੇ ਗੋਹੇ ਵਿਚ
ਕੱਚੀ ਕੁਆਰੀ ਜ਼ਿੰਦਗੀ ਦੀ ਅੱਗ,
ਘੁਮਿਆਰ ਦਾ ਚੱਕ ਰੋਜ਼ ਹੀ ਮਿੱਟੀ 'ਚੋਂ ਫੜਦਾ ਹੈ
ਜ਼ਿੰਦਗੀ ਦੀ ਝਨਾਂ ਅੰਦਰ ਰੁੜ੍ਹ ਗਈ ਸੋਹਣੀ ਦੇ ਨਕਸ਼,
ਰੋਜ਼ ਹੀ ਜੂੰਆਂ ਨੂੰ ਕੋਸਦੇ ਬੁੜ੍ਹੇ
ਵਿੱਚੇ ਹੀ ਭੁੱਲ ਜਾਂਦੇ ਸੁਖਮਣੀ ਸਾਹਿਬ ਦੀ ਪੌੜੀ,
ਰੋਜ਼ ਹੀ ਰਹਿ ਰਹਿ ਕੇ ਥੁੱਕਦੀ ਰਹੀ
ਨਾਈ ਤੋਂ ਲੱਤਾਂ ਮਨਾਉਣ ਛੜਿਆਂ ਦੀ ਗੰਦੀ ਜ਼ੁਬਾਨ
ਰੋਜ਼ ਹੀ ਏਸੇ ਤਰ੍ਹਾਂ ਹੁੰਦਾ ਹੈ।

ਰੋਜ਼ ਹੀ
ਮੈਨੂੰ ਸਾਰਾ ਕੁੱਝ ਭੁੰਨੇ ਹੋਏ ਕਬਾਬ ਵਰਗਾ ਲੱਗਦਾ ਹੈ
ਜੋ ਮੇਜ਼ਾਂ ਉੱਤੇ ਹੁਣੇ ਹੀ ਪਰੋਸਿਆ ਜਾਵੇਗਾ
ਕੁਰਸੀ ਦੇ ਖਾਣ ਲਈ ।



24. ਪੁਲਸ ਦੇ ਸਿਪਾਹੀ ਨੂੰ

ਮੈਂ ਪਿੱਛੇ ਛੱਡ ਆਇਆ ਹਾਂ
ਸਮੁੰਦਰ ਰੋਂਦੀਆਂ ਭੈਣਾਂ
ਕਿਸੇ ਅਣਜਾਣੇ ਭੈਅ ਅੰਦਰ
ਜਰਕਦੀ ਬਾਪ ਦੀ ਦਾਹੜੀ
ਤੇ ਸੁੱਖਣਾ ਸੁੱਖਦੀ,
ਖਾਂਦੀ ਗ਼ਸ਼ਾਂ ਮਾਸੂਮ ਮਮਤਾ ਨੂੰ
ਮੇਰੇ ਖੁਰਲੀ ਤੇ ਬੱਧੇ ਹੋਏ
ਡੰਗਰਾਂ ਬੇਜ਼ਬਾਨਾਂ ਨੂੰ
ਕਿਸੇ ਛਾਵੇਂ ਨਹੀਂ ਬੰਨ੍ਹਣਾ
ਕਿਸੇ ਪਾਣੀ ਨਹੀਂ ਡਾਹੁਣਾ,
ਤੇ ਮੇਰੇ ਘਰ ਕਈ ਡੰਗ
ਸੋਗ ਵਿਚ ਚੁੱਲ੍ਹਾ ਨਹੀਂ ਬਲਣਾ।
ਸਿਪਾਹੀਆ ਦੱਸ, ਮੈਂ ਤੈਨੂੰ ਵੀ
ਏਡਾ ਖ਼ਤਰਨਾਕ ਦੀਹਦਾਂ ?
ਭਰਾਵਾ ਸੱਚ ਦੱਸ, ਤੈਨੂੰ
ਮੇਰੀ ਉੱਧੜੀ ਹੋਈ ਚਮੜੀ
ਤੇ ਮੇਰੇ ਮੂੰਹ 'ਚੋਂ ਵਗਦੇ ਲਹੂ 'ਚ
ਕੁਝ ਆਪਣਾ ਨਹੀਂ ਦਿਸਦਾ ?

ਤੂੰ ਲੱਖ ਦੁਸ਼ਮਣ ਕਤਾਰਾਂ ਵਿਚ
ਹੁੱਬ ਕੇ ਮਾਰ ਲੈ ਸ਼ੇਖੀ
ਤੇਰੇ ਨੀਂਦਰ ਪਿਆਸੇ ਨੈਣ
ਤੇ ਪਥਰਾ ਗਿਆ ਮੱਥਾ,
ਤੇਰੀ ਪਾਟੀ ਹੋਈ ਨਿੱਕਰ
ਤੇ ਉਸ ਦੀ ਜੇਬ ਵਿਚ ਰਚ ਗਈ
ਜ਼ਹਿਰੀਲੀ ਬੋਅ ਤਮਾਕੂ ਦੀ
ਨੇ ਤੇਰੀ ਖਾ ਰਹੇ ਚੁਗਲੀ।
ਨਹੀਂ ਸਾਂਝੀ ਤਾਂ ਬੱਸ ਆਪਣੀ
ਇਹ ਵਰਦੀ ਹੀ ਨਹੀਂ ਸਾਂਝੀ
ਪਰ ਅੱਜ ਵੀ ਕੋੜਮੇ ਤੇਰੇ ਦੇ ਦੁੱਖ
ਮੇਰੇ ਨਾਲ ਸਾਂਝੇ ਨੇ
ਤੇਰਾ ਵੀ ਬਾਪ ਜਦ ਸੁੱਟਦਾ ਹੈ
ਪੱਠਿਆਂ ਦੀ ਭਰੀ ਸਿਰ ਤੋਂ
ਤਾਂ ਉਸ ਦੀਆਂ ਸੂਤੀਆਂ ਨਾੜਾਂ
ਵੀ ਮਨਸ਼ਾ ਕਰਦੀਆਂ ਇਹੋ
ਕਿ ਹੁਣ ਕਿਹੜੀ ਘੜੀ, ਬੱਸ
ਬੁਰੇ ਦਾ ਸਿਰ ਫੇਹ ਦਿੱਤਾ ਜਾਵੇ।
ਤੇਰੇ ਬੱਚਿਆਂ ਨੂੰ ਜਦ ਵੀਰਾ
ਸਕੂਲੀਂ ਖਰਚ ਨਹੀਂ ਜੁੜਦਾ
ਤਾਂ ਸੀਨਾ ਪਾਟ ਜਾਂਦਾ ਹੈ
ਤੇਰੀ ਵੀ ਅਰਧ-ਅੰਗੀ ਦਾ।

ਤੇਰੀ ਪੀਤੀ ਹੋਈ ਰਿਸ਼ਵਤ
ਜਦੋਂ ਤੇਰਾ ਗਾਲਦੀ ਅੰਦਰ
ਤਾਂ ਤੂੰ ਵੀ ਲੋਚਦਾ ਏਂ
ਭੰਨਣੀ ਸ਼ਾਹਰਗ ਹਕੂਮਤ ਦੀ-
ਜੋ ਕੁਝ ਵਰ੍ਹਿਆਂ 'ਚ ਹੀ ਖਾ ਗਈ
ਤੇਰਾ ਚੰਦਨ ਜਿਹਾ ਪਿੰਡਾ
ਤੇਰੀ ਰਿਸ਼ੀਆਂ ਜਿਹੀ ਬਿਰਤੀ
ਅਤੇ ਬਰਸਾਤੀ ਵਾਅ ਵਰਗਾ
ਲੁਭਾਉਣਾ ਸੁੱਖ ਟੱਬਰ ਦਾ

ਤੂੰ ਲੱਖ ਵਰਦੀ ਦਾ ਓਹਲਾ ਕਰਕੇ
ਮੈਥੋਂ ਦੂਰ ਖੜਿਆ ਰਹੁ
ਤੇਰੇ ਪਰ ਅੰਦਰਲੀ ਦੁਨੀਆਂ
ਹੈ ਮੈਨੂੰ ਪਾ ਰਹੀ ਕੰਗਲ੍ਹੀ।
ਅਸੀਂ ਜੋ ਸਾਂਭ ਦੇ ਘਾਟੇ
ਆਵਾਰਾ ਰੋਗੀ ਬਚਪਨ ਨੂੰ
ਰਹੇ ਆਟੇ ਜਿਉਂ ਗੁੰਨ੍ਹਦੇ,
ਕਿਸੇ ਲਈ ਬਣੇ ਨਾ ਖ਼ਤਰਾ।
ਤੇ ਉਹ ਜਦੋਂ ਸਾਡੇ ਸੁੱਖ ਬਦਲੇ
ਰਹੇ ਵਿਕਦੇ, ਰਹੇ ਰੁਲਦੇ,
ਕਿਸੇ ਲਈ ਬਣੇ ਨਾ ਚਿੰਤਾ।
ਤੂੰ ਭਾਵੇਂ ਦੁਸ਼ਮਣਾਂ ਦੇ ਹੱਥ ਵਿਚ
ਅਜ ਬਣ ਗਿਆ ਸੋਟੀ
ਤੂੰ ਢਿੱਡ ਤੇ ਹੱਥ ਰਖ ਕੇ ਦੱਸ
ਕਿ ਸਾਡੀ ਜ਼ਾਤ ਨੂੰ ਹੁਣ
ਕਿਸੇ ਤੋਂ ਕੀ ਹੋਰ ਖ਼ਤਰਾ ਹੈ ?
ਅਸੀਂ ਹੁਣ ਸਿਰਫ ਖ਼ਤਰਾ ਹਾਂ ਉਨ੍ਹਾਂ ਲਈ
ਜਿਨ੍ਹਾਂ ਨੂੰ ਦੁਨੀਆਂ ਤੇ ਬੱਸ ਖ਼ਤਰਾ ਹੀ ਖ਼ਤਰਾ ਹੈ

ਤੂੰ ਆਪਣੇ ਮੂੰਹ ਦੀਆਂ ਗਾਲ੍ਹਾਂ ਨੂੰ
ਆਪਣੇ ਕੀਮਤੀ ਗੁੱਸੇ ਲਈ
ਸੰਭਾਲ ਕੇ ਰੱਖ-
ਮੈਂ ਕੋਈ ਚਿੱਟ ਕੱਪੜੀਆ
ਕੁਰਸੀ ਦਾ ਪੁੱਤ ਨਹੀਂ
ਜਿਸ ਅਭਾਗੇ ਦੇਸ਼ ਦੀ ਹੋਣੀ ਨੂੰ ਘੜਦੇ
ਧੂੜ 'ਚ ਲਿਬੜੇ ਹਜ਼ਾਰਾਂ ਚਿਹਰਿਆਂ 'ਚੋਂ ਇਕ ਹਾਂ,
ਮੇਰੇ ਮੱਥੇ ਉੱਤੇ ਵਗਦੀਆਂ ਘਰਾਲਾਂ 'ਤੋਂ
ਮੇਰੇ ਦੇਸ਼ ਦਾ ਕੋਈ ਵੀ ਦਰਿਆ, ਬਹੁਤ ਛੋਟਾ ਹੈ।
ਕਿਸੇ ਵੀ ਧਰਮ ਦਾ ਕੋਈ ਗ੍ਰੰਥ
ਮੇਰੇ ਜ਼ਖ਼ਮੀ ਬੁੱਲ੍ਹਾਂ ਦੀ ਚੁੱਪ ਤੋਂ ਬਾਹਲਾ ਪਵਿੱਤਰ ਨਹੀਂ।
ਤੂੰ ਜਿਸ ਝੰਡੇ ਨੂੰ ਅੱਡੀਆਂ ਜੋੜ ਕੇ
ਦੇਨੈਂ ਸਲਾਮੀ
ਸਾਡਾ ਲੁੱਟੇ ਹੋਇਆਂ ਦੇ ਕਿਸੇ ਵੀ ਦਰਦ ਦਾ ਇਤਿਹਾਸ
ਉਸ ਦੇ ਤਿੰਨਾਂ ਰੰਗਾਂ ਤੋਂ ਬੜਾ ਗਾਹੜਾ ਹੈ
ਤੇ ਸਾਡੀ ਰੂਹ ਦਾ ਹਰ ਇਕ ਜ਼ਖ਼ਮ
ਉਸ ਵਿਚਲੇ ਚੱਕਰ ਤੋਂ ਬਹੁਤ ਵੱਡਾ ਹੈ।
ਮੇਰੇ ਦੋਸਤ, ਮੈਂ ਕੋਹਿਆ ਪਿਆ ਵੀ
ਤੇਰੇ ਕਿੱਲਾਂ ਵਾਲੇ ਬੂਟ ਥੱਲੇ
ਮਾਂਊਂਟ ਐਵਰੈਸਟ ਤੋਂ ਬੜਾ ਉੱਚਾ ਹਾਂ।

ਮੇਰੇ ਬਾਰੇ ਗ਼ਲਤ ਦੱਸਿਆ ਹੈ
ਤੇਰੇ ਕਾਇਰ ਅਫ਼ਸਰ ਨੇ
ਕਿ ਮੈਂ ਇਸ ਰਾਜ ਦਾ
ਇਕ ਮਾਰਖ਼ੋਰਾ ਮਹਾਂ ਦੁਸ਼ਮਣ ਹਾਂ
ਨਹੀਂ, ਮੈਂ ਤਾਂ ਦੁਸ਼ਮਣੀ ਦੀ
ਅਜੇ ਪੂਣੀ ਵੀ ਨਹੀਂ ਛੋਹੀ
ਅਜੇ ਤਾਂ ਹਾਰ ਜਾਂਦਾ ਹਾਂ
ਮੈਂ ਘਰ ਦੀਆਂ ਔਕੜਾਂ ਅੱਗੇ
ਅਜੇ ਮੈਂ ਅਮਲ ਦੇ ਟੋਏ
ਕਲਮ ਨਾ' ਪੂਰ ਲੈਨਾ ਹਾਂ
ਅਜੇ ਮੈਂ ਸੀਰੀਆਂ ਜੱਟਾ ਵਿਚਾਲੇ
ਲਰਜ਼ਦੀ ਕੜੀ ਹਾਂ
ਅਜੇ ਮੇਰੀ ਸੱਜੀ ਬਾਂਹ ਤੂੰ ਵੀ
ਮੇਰੇ ਤੋਂ ਓਪਰਾ ਫਿਰਦਾਂ।
ਅਜੇ ਮੈਂ ਉਸਤਰੇ ਨਾਈਆਂ ਦੇ
ਖੰਜਰ 'ਚ ਬਦਲਨੇ ਹਨ
ਅਜੇ ਰਾਜਾਂ ਦੀ ਕਾਂਡੀ ਤੇ
ਮੈਂ ਲਿਖਣੀ ਵਾਰ ਚੰਡੀ ਦੀ
ਚਮਕਦੇ ਨਾਅਰਿਆਂ ਨੂੰ ਜੰਮਣ ਵਾਲੀ ਕੁੱਖ ਦੇ ਅੰਦਰ
ਹੈ ਭਿੱਜ ਕੇ ਜ਼ਹਿਰ ਵਿਚ ਫਿਰਨੀ
ਅਜੇ ਤਾਂ ਆਰ ਮੋਚੀ ਦੀ।

ਤੇ ਉਸ ਸ਼ੈਤਾਨ ਦੇ ਝੰਡੇ ਤੋਂ ਉੱਚਾ
ਲਹਿਰਨਾ ਹਾਲੇ
ਬੁੜਕਦਾ ਬੁੱਕਦਾ ਹੋਇਆ
ਧੁੰਮੇ ਤਰਖਾਣ ਦਾ ਤੇਸਾ।
ਅਜੇ ਤਾਂ ਲਾਗੀਆਂ ਨੇ ਲਾਗ ਲੈਣੈ
ਜੁਬਲੀਆਂ ਦੇ ਵਿੱਚ-ਜੋ
ਆਇਆਂ ਗਿਆਂ ਦੇ ਜੂਠੇ
ਰਹੇ ਨੇ ਮਾਂਜਦੇ ਭਾਂਡੇ
ਅਜੇ 'ਖੁਸ਼ੀਏ' ਚੂਹੜੇ ਨੇ ਬਾਲ ਕੇ
ਹੁੱਕੇ 'ਚ ਧਰਨੀ ਹੈ
ਕਿਸੇ ਕੁਰਸੀ ਤੇ ਬੈਠੀ ਗਿਰਝ ਦੇ
ਪੱਟ ਦੀ ਨਰਮ ਹੱਡੀ।

ਮੈਂ ਜਿਸ ਦਿਨ ਰੰਗ ਸੱਤੇ ਜੋੜ ਕੇ
ਇੰਦਰ-ਧਨੁਸ਼ ਬਣਿਆ
ਮੇਰਾ ਕੋਈ ਵਾਰ ਦੁਸ਼ਮਣ 'ਤੇ
ਕਦੇ ਖਾਲੀ ਨਹੀਂ ਜਾਣਾ।
ਉਦੋਂ ਫਿਰ ਝੰਡੀ ਵਾਲੀ ਕਾਰ ਦੇ
ਬਦਬੂ ਭਰੇ ਥੁੱਕ ਦੇ
ਛਿੱਟੇ ਮੇਰੀ ਜ਼ਿੰਦਗੀ ਦੇ ਚਾਅ ਭਰੇ
ਮੂੰਹ 'ਤੇ ਨਾ ਚਮਕਣਗੇ।
ਮੈਂ ਉਸ ਚਾਨਣ ਦੀ ਬੁਰਜੀ ਤੀਕ
'ਕੱਲਾ' ਪਹੁੰਚ ਨਹੀਂ ਸਕਦਾ,
ਤੇਰੀ ਵੀ ਲੋੜ ਹੈ
ਤੈਨੂੰ ਵੀ ਓਥੇ ਪਹੁੰਚਣਾ ਪੈਣਾ।

ਅਸੀਂ ਇੱਕ ਕਾਫ਼ਲਾ ਹਾਂ
ਜ਼ਿੰਦਗੀ ਦੀਆਂ ਤੇਜ਼ ਮਹਿਕਾਂ ਦਾ
ਤੇਰੀ ਪੀੜ੍ਹੀਆਂ ਦੀ ਖ਼ਾਦ
ਇਸ ਦੇ ਚਮਨ ਨੂੰ ਲੱਗੀ।

ਅਸੀਂ ਗੀਤਾਂ ਦੇ ਵਰਗੀ ਗੁਜ਼ਰ ਦੇ
ਬੇਤਾਬ ਆਸ਼ਕ ਹਾਂ
ਤੇ ਸਾਡੀ ਤੜਪ ਵਿੱਚ
ਤੇਰੀ ਉਦਾਸੀ ਦਾ ਵੀ ਨਗ਼ਮਾ ਹੈ।

ਸਿਪਾਹੀਆ ਦੱਸ, ਮੈਂ ਤੈਨੂੰ ਵੀ
ਏਨਾਂ ਖ਼ਤਰਨਾਕ ਦੀਹਦਾਂ ?
ਮੈਂ ਪਿੱਛੇ ਛੱਡ ਆਇਆ ਹਾਂ…।



25. ਘਾਹ 

ਮੈਂ ਘਾਹ ਹਾਂ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ
ਬੰਬ ਸੁੱਟ ਦਿਉ ਭਾਵੇਂ ਵਿਸ਼ਵ-ਵਿਦਿਆਲੇ 'ਤੇ
ਬਣਾ ਦਿਉ ਹਰ ਹੋਸਟਲ ਮਲਬੇ ਦੇ ਢੇਰ
ਸੁਹਾਗਾ ਫੇਰ ਦਿਉ ਬੇਸ਼ੱਕ ਸਾਡੀਆਂ ਝੁੱਗੀਆਂ 'ਤੇ
ਮੈਨੂੰ ਕੀ ਕਰੋਗੇ ?
ਮੈਂ ਤਾਂ ਘਾਹ ਹਾਂ, ਹਰ ਚੀਜ਼ ਢਕ ਲਵਾਂਗਾ
ਹਰ ਢੇਰ 'ਤੇ ਉੱਗ ਆਵਾਂਗਾ
ਬੰਗੇ ਨੂੰ ਢੇਰੀ ਕਰ ਦਿਓ
ਸੰਗਰੂਰ ਨੂੰ ਮਿਟਾ ਦਿਓ
ਧੂੜ 'ਚ ਮਿਲਾ ਦਿਓ ਲੁਧਿਆਣੇ ਦਾ ਜ਼ਿਲ੍ਹਾ
ਮੇਰੀ ਹਰਿਆਲੀ ਆਪਣਾ ਕੰਮ ਕਰੇਗੀ....
ਦੋ ਸਾਲ, ਦਸ ਸਾਲ ਬਾਦ
ਸਵਾਰੀਆਂ ਫਿਰ ਕਿਸੇ ਟਿਕਟ ਕੱਟ ਤੋਂ ਪੁੱਛਣਗੀਆਂ,
"ਇਹ ਕਿਹੜੀ ਥਾਂ ਹੈ ?
ਮੈਨੂੰ ਬਰਨਾਲੇ ਉਤਾਰ ਦੇਣਾ
ਜਿੱਥੇ ਹਰੇ ਘਾਹ ਦਾ ਜੰਗਲ ਹੈ ।"
ਮੈਂ ਘਾਹ ਹਾਂ, ਮੈਂ ਆਪਣਾ ਕੰਮ ਕਰਾਂਗਾ
ਮੈਂ ਤੁਹਾਡੇ ਹਰ ਕੀਤੇ ਕਰਾਏ 'ਤੇ ਉੱਗ ਆਵਾਂਗਾ ।

No comments:

Post a Comment