Saturday, January 31, 2026

ਕਿਧਰ ਗਿਆ...

ਹੁੰਦਾ ਸੀ ਏਥੇ ਸ਼ਖ਼ਸ ਇਕ ਸੱਚਾ 
ਕਿਧਰ ਗਿਆ 
ਇਸ ਪੱਥਰਾਂ ਦੇ ਸ਼ਹਿਰ ਚੋਂ ਸ਼ੀਸ਼ਾ 
ਕਿਧਰ ਗਿਆ

ਜਦ ਦੋ ਦਿਲਾਂ ਨੂੰ ਤੋੜਦੀ 
ਇਕ ਤਾਰ ਟੁੱਟ ਗਈ 
ਸਾਜ਼ਿੰਦੇ ਪੁੱਛਦੇ ਸਾਜ਼ ਨੂੰ 
ਨਗਮਾ ਕਿਧਰ ਗਿਆ

ਪਲਕਾਂ ਵੀ ਖੂਬ ਲੰਮੀਆਂ 
ਕਜਲਾ ਵੀ ਖੂਬ 
ਪਰ ਉਹ ਤੇਰੇ ਸੁਹਣੇ ਨੈਣਾਂ ਦਾ ਸੁਪਨ 
ਕਿਧਰ ਗਿਆ

ਸਭ ਨੀਰ ਗੰਧਲੇ 
ਸ਼ੀਸ਼ੇ ਧੁੰਦਲੇ ਹੋਏ 
ਇਸਤਰਾਂ ਹਰ ਸ਼ਖ਼ਸ ਪੁੱਛਦਾ ਏ 
ਮੇਰਾ ਚਿਹਰਾ ਕਿਧਰ ਗਿਆ

ਸਿੱਖਾਂ ਮੁਸਲਮਾਨਾਂ ਅਤੇ ਹਿੰਦੂਆਂ ਦੀ ਭੀੜ ਵਿਚ 
ਰੱਬ ਢੂੰਡਦਾ ਫਿਰਦਾ 
ਮੇਰਾ ਬੰਦਾ ਕਿਧਰ ਗਿਆ

ਧੁਖ਼ਦੀ ਜ਼ਮੀਨੋਂ ਉਠ ਕੇ 
ਅਰਸ਼ਾਂ ਤੇ ਪਹੁੰਚ ਕੇ ਧੂੰਆਂ 
ਖ਼ਿਲਾਅ ਨੂੰ ਪੁੱਛਦਾ 
ਅੱਲ੍ਹਾ ਕਿਧਰ ਗਿਆ

ਕਿੱਥੇ ਗਏ ਉਹ ਯਾਰ ਚਾਰੇ 
ਮੇਰਾ ਆਸਰਾ ਉਹ 
ਧਰਮਾ ਕਰਮਾ ਸੁੱਚਾ ਤੇ ਪਿਆਰਾ 
ਕਿਧਰ ਗਿਆ...!!


ਸੁਰਜੀਤ ਪਾਤਰ ✍️ 

No comments:

Post a Comment