ਪੈਰ ਤੁਰਦੇ
ਗਾਹ ਆਉਂਦੇ ਕਈ ਪੈਂਡੇ
ਰਸਤੇ, ਗਲੀਆਂ, ਜੰਗਲ
ਥੱਕ-ਹਾਰ
ਆਰਾਮ ਕਰਨਾ ਲੋਚਦੇ
ਇਕ ਹੱਦ ਤੋਂ ਬਾਅਦ
ਚਲਣੋਂ ਕਰ ਦਿੰਦੇ ਨੇ ਨਾਂਹ
ਜੇ ਜ਼ਿਆਦਾ ਥੱਕ ਜਾਣ
ਪੀੜ ਨਾਲ ਸੌਣ ਨਹੀਂ ਦਿੰਦੇ,
ਪਰ ਅੱਖਰ....।
ਉਹ ਤਾਂ ਤੁਰਦੇ ਚਲੇ ਜਾਂਦੇ ਨੇ
ਰਾਹ ਆਇਆ ਹਰ ਪਲ, ਹਰ ਅਨੁਭਵ
ਕਲਮ ਨਾਲ ਵਰਕੇ ਉਤੇ ਬੋਚਦੇ
ਖੌਰੇ ਕਿੰਨੇ ਸਮੁੰਦਰ ਡੀਕਦੇ
ਪਹਾੜਾਂ, ਟੀਸੀਆਂ 'ਤੇ ਚੜ੍ਹ
ਸੁਪਨਿਆਂ ਦੇ ਨੀੜ ਵਸਾਉਂਦੇ
ਹਰਿਔਲੇ ਸੰਘਣੇ ਦਰਖਤਾਂ 'ਤੇ
ਚਹਿਕਦਾ ਆਲ੍ਹਣਾ ਪਾਉਂਦੇ,
ਕਦੇ ਪੜਾਅ ਬਣਦੇ, ਕਦੇ ਠੌਹਰ
ਕਦੇ ਮੰਜ਼ਲ, ਕਦੇ ਕੁਝ ਹੋਰ
ਪੈਰਾਂ ਦਾ ਇਕ ਹੀ ਕੰਮ
ਤੁਰਨਾ -ਸਿਰਫ਼ ਤੁਰਨਾ
ਅੱਖਰਾਂ ਦੇ ਕਈ ਰੂਪ, ਕਈ ਮੁਕਾਮ
ਕਈ ਟੀਚੇ, ਕਈ ਧਾਮ...!!
ਇੰਦਰਜੀਤ ਨੰਦਨ ✍️
No comments:
Post a Comment