ਇਸ਼ਕ ਦੀ ਬੇੜੀ , ਸੌਖੀ ਬੰਨੇ ਲਗਦੀ ਨਹੀਂ ।
ਬਿਰਹੋਂ ਦੇ ਵਿੱਚ, ਤਾਂਘ ਵਸਲ ਦੀ ਤਜਦੀ ਨਹੀਂ ।
ਪਿਆਰ ਆਪਣੇ ਰੰਗ ਵਿੱਚ, ਸੱਭ ਨੂੰ ਰੰਗ ਜਾਂਦਾ,
ਮੁਹੱਬਤ ਵੰਡਣ ਨਾਲ, ਮੁਹੱਬਤ ਘਟਦੀ ਨਹੀਂ ।
ਮੇਲ ਜਦਾਈ, ਗ਼ਮੀਂ ਖੁਸ਼ੀ, ਦੁੱਖ ਦਰਦ ਬਿਨਾਂ,
ਜ਼ਿੰਦਗੀ ਦੀ ਨੁਹਾਰ, ਅਸਲੀ ਲਗਦੀ ਨਹੀਂ ।
ਉਸੇ ਅੱਖ ਵਿੱਚ ਘੱਟਾ ਪਾ, ਉਸ ਕੀ ਖੱਟਿਆ,
ਤੱਕਦੀ ਉਸਦਾ ਰਾਹ, ਕਦੇ ਜੋ ਥੱਕਦੀ ਨਹੀਂ ।
ਔਖਾ ਸੌਖਾ, ਦਿੱਲ ਅਥਰਾ ਵੀ ਸਮਝ ਗਿਆ,
ਕਿ ਟੁੱਟੀ ਪੱਤੀ, ਮੁੜ ਟਾਹਣੀ ਤੇ ਲਗਦੀ ਨਹੀ ।
ਏਦਾਂ ਦਿੱਲ ਨੇ ਸਾਂਭੀਆਂ, ਕੁੱਝ ਮਿੱਠੀਆਂ ਯਾਦਾਂ,
ਜੁਦਾਈ ਹੁੰਦਿਆਂ ਵੀ, ਜੁਦਾਈ ਲਗਦੀ ਨਹੀਂ ।
ਉਸ ਬੇਵਫ਼ਾ ਨੂੰ, ਦੁਰ-ਅਸੀਸ ਵੀ ਕਿੰਝ ਦਿਆਂ,
ਆਪਣੀ ਲੱਤ, ਆਪਣੇ ਹੀ ਢਿੱਡ ਵਿੱਚ ਵੱਜਦੀ ਨਹੀਂ ।
ਸਤਿਪਾਲ ਸਿੰਘ ਡੁਲ੍ਹਕੂ✍️
No comments:
Post a Comment