Saturday, March 28, 2026

ਹੀਰਾ ਮੰਡੀ ਨੇੜੇ ਖੜ੍ਹੀ ਇੱਕ ਔਰਤ


ਸਦੀਆਂ ਬੀਤ ਗਈਆਂ
ਉਸ ਨੂੰ, ਠੰਡੀਆਂ ਰਾਤਾਂ ‘ਚ
ਬਾਹਰ ਖਲੋਤਿਆਂ -

ਕੋਈ ਨਹੀਂ ਬਹੁੜਿਆ
ਸੁੰਨ-ਸਾਨ, ਰਾਤਾਂ ‘ਚ ਖੜ੍ਹੀ
ਇਸ ਔਰਤ ਦੀ ਵਿੱਥਿਆ ਸੁਨਣ

ਮੁਗ਼ਲ-ਏ-ਆਜ਼ਮ ਅਕਬਰ ਦਾ
ਸ਼ਾਹੀ ਜਲਾਲ ਹੋਵੇ ਜਾਂ
ਮਹਾਰਾਜਾ ਰਣਜੀਤ ਸਿੰਘ ਦੀ
ਚੜ੍ਹਤ ਦੇ ਦਿਨ

ਸ਼ਾਹੀ ਕਿਲੇ ਦੇ ਬਿਲਕੁਲ ਨਜ਼ਦੀਕ
ਸ਼ਾਹੀ ਮਸਜਿਦ ਦੇ ਪਿਛਵਾੜੇ

ਕਿਸਾਈ ਮੰਡੀ ਦੇ ਦਲਾਲ
ਕੁੱਤਿਆਂ ਵਾਂਗ, ਮੂੰਹਾਂ ‘ਚੋਂ
ਸਲੂਣੀ ਰਾਲ ਛੱਡਦੇ
ਮਨੁੱਖ ਰੂਪੀ ਬਘਿਆੜਾਂ ਦੀ
ਢਾਣੀ ਲੈ ਕੇ, ਮੁੜ, ਮੁੜ
ਬਰਫ਼ ਦੀ ਸਿੱਲ ਬਣ ਚੁੱਕੀ
ਉਸ ਔਰਤ ਕੋਲ, ਗਰਮ ਗੋਸ਼ਤ ਦਾ
ਜ਼ਾਇਕਾ ਲੈਣ ਲਈ ਆਉਂਦੇ

ਹੋਂਦ ਅਤੇ ਨਿਰਹੋਂਦ ਦਰਮਿਆਨ
ਇੱਕ ਤ੍ਰੈਸ਼ੰਕੂ ਵਾਂਗ ਲਟਕੀ
ਉਹ, ਆਪਣੇ ਪੈਰਾਂ ‘ਚ ਘੁੰਗਰੂ ਬੰਨ੍ਹ
ਆਪਣੀ ਹੀ ਮੌਤ ਦੇ ਗੀਤ ਗਾਉਂਦੀ
ਆਪਣੀ ਹੀ ਮੌਤ ਦਾ ਵਿਰਲਾਪ ਕਰਦੀ
ਆਪਣੀ ਹੀ ਤਬਾਹੀ ਦਾ ਜਸ਼ਨ ਮਨਾਉਂਦੀ

ਪਲ, ਪਲ ਮਰਨ ਲਈ, ਉਹ
ਆਪਣੇ ਹੀ ਜਿਸਮ ਨੂੰ, ਬੋਟੀ, ਬੋਟੀ
ਨੋਚ ਦੇਣ ਦੀ, ਗਿਰਝਾਂ ਨੂੰ
ਦਾਹਵਤ ਦਿੰਦੀ

ਪਰ, ਉਸ ਦੀਆਂ ਅੱਖਾਂ ‘ਚ ਪਸਰੀ
ਗਹਿਰੀ ਖਾਮੋਸ਼ੀ, ਇਹੀ
ਸੁਰ ਅਲਾਪਦੀ ਜਾਪਦੀ :
ਇਹ ਵੀ ਕੋਈ ਜ਼ਿੰਦਗੀ ਹੈ !
ਇਹ ਵੀ ਕੋਈ ਜ਼ਿੰਦਗੀ ਹੈ !!
ਇਹ ਵੀ ਕੋਈ ਜ਼ਿੰਦਗੀ ਹੈ !!! 


ਸੁਖਿੰਦਰ✍️

No comments:

Post a Comment