Saturday, March 28, 2026

ਵਫ਼ਾ

ਸਾਲਾਂ ਭਰ ਤੜਪ ਕੇ ਤੇਰੇ ਲਈ
ਮੈਨੂੰ ਭੁੱਲ ਗਈ ਹੈ ਚਿਰਾਂ ਤੋਂ, ਆਪਣੀ ਆਵਾਜ਼ ਦੀ ਪਛਾਣ
ਭਾਸ਼ਾ ਜੋ ਮੈਂ ਸਿੱਖੀ ਸੀ, ਮਨੁੱਖ ਜਿਹਾ ਜਾਪਣ ਲਈ
ਮੈਂ ਉਸ ਦੇ ਸਾਰੇ ਹਰਫ਼ ਜੋੜ ਕੇ ਵੀ
ਮਸਾਂ ਤੇਰਾ ਨਾਮ ਹੀ ਬਣ ਸਕਿਆ ।
ਮੇਰੇ ਲਈ ਵਰਣ ਆਪਣੀ ਧੁਨੀ ਖੋ ਬੈਠੇ ਬੜੇ ਚਿਰ ਦੇ
ਮੈਂ ਹੁਣ ਵੀ ਲਿਖਦਾ ਨਹੀਂ-ਤੇਰੇ ਧੁਪੀਲੇ ਅੰਗਾਂ ਦੀ ਸਿਰਫ ਪ੍ਰਛਾਈ ਫੜਦਾ ਹਾਂ
ਕਦੀ ਵੀ ਅੱਖਰ ਮੇਰੇ ਹੱਥਾਂ 'ਚੋਂ
ਤੇਰੀ ਤਸਵੀਰ ਹੀ ਬਣ ਕੇ ਨਿਕਲਦਾ ਹੈ
ਤੂੰ ਮੈਨੂੰ ਹਾਸਲ ਏਂ (ਪਰ) ਕਦਮ ਭਰ ਦੀ ਵਿੱਥ ਨਾਲ
ਸ਼ਾਇਦ ਇਹ ਕਦਮ ਮੇਰੀ ਉਮਰ ਤੋਂ ਹੀ ਨਹੀਂ-
ਮੇਰੇ ਕਈ ਜਨਮਾਂ ਤੋਂ ਵੀ ਵੱਡਾ ਹੈ-
ਇਹ ਕਦਮ ਫ਼ੈਲਦੇ ਹੋਏ ਲਗਾਤਾਰ
ਮੱਲ ਲਏਗਾ ਮੇਰੀ ਸਾਰੀ ਧਰਤੀ ਨੂੰ
ਇਹ ਕਦਮ ਨਾਪ ਲਏਗਾ ਮੋਇਆਂ ਆਕਾਸ਼ਾਂ ਨੂੰ
ਤੂੰ ਦੇਸ਼ ਹੀ ਰਹੀਂ
ਮੈਂ ਕਦੀ ਪਰਤਾਂਗਾ ਜੇਤੂ ਦੇ ਵਾਂਗ ਤੇਰੀਆਂ ਜੂਹਾਂ ਵਿਚ
ਇਹ ਕਦਮ ਜਾਂ ਮੈਂ
ਜ਼ਰੂਰ ਦੋਹਾਂ 'ਚੋਂ ਕਿਸੇ ਨੂੰ ਕਤਲ ਹੋਣਾ ਪਏਗਾ ।


ਪਾਸ਼ ✍️

No comments:

Post a Comment