Thursday, March 12, 2026

ਸੁਫ਼ਨੇ ਕੀ ਹੰਦੇ ਨੇ...

ਅਸਾਨੂੰ ਨਹੀ ਪਤਾ
ਸੁਫ਼ਨੇ ਕੀ ਹੰਦੇ ਨੇ

ਸੁਫ਼ਨੇ ਦੇਖਣਾ ਤੇ
ਉਹਨਾਂ ਨੂੰ ਸਾਕਾਰ ਕਰਨਾ
ਵੱਡੇ ਲੋਕਾਂ ਦਾ ਕੰਮ ਹੈ 

ਸਾਨੂੰ ਸੁਫ਼ਨੇ ਨਹੀ ਆਉਦੇਂ
ਸੁਫ਼ਨਿਆ ਲਈ ਜਰੂਰੀ ਹੈ
ਨੀਂਦ ਦਾ ਹੋਣਾ 

ਤੇ ਭੁੱਖੇ ਪੇਟ ਕਦੀ
ਨੀਂਦ ਨਹੀ ਆਂਉਦੀ 

ਸਾਨੂੰ ਨਹੀ ਪਤਾ
ਸੁਫ਼ਨੇ ਕੀ ਹੁੰਦੇ ਨੇ
ਸਾਨੂੰ ਸੁਫ਼ਨੇ ਨਹੀ ਆਂਉਦੇ ।

ਸਾਨੂੰ ਸੁਫ਼ਨੇ ਰਾਸ ਨਹੀ ਆਂਉਦੇ
ਦੋ ਡੰਗ ਦੀ ਰੋਟੀ ਦਾ ਸੁਫ਼ਨਾ
ਸਾਡੇ ਭੁੱਖੇ ਢਿੰਡਾ ਨੂੰ 
ਨਹੀ ਭਰ ਸਕਦਾ ।

ਸੁਫ਼ਨੇ ।
ਖੇਤ ਵਿੱਚ ਰੱਸੀ ਤੇ
ਲਟਕੇ ਹੋਏ ਗਰੀਬ ਕਿਸਾਨ ਦੇ
ਮੁਰਦਾ ਜਿਸਮ ਵਿੱਚ 
ਜਾਨ ਨਹੀ ਫੂਕ ਸਕਦੇ ।

ਸੁਫ਼ਨੇ ਸਾਡੇ ਕੁੱਝ ਨਹੀ ਲੱਗਦੇ
ਸਾਡੇ ਲਈ ਇਹ ਸਿਰਫ਼
ਬੰਦ ਅੱਖਾਂ ਨਾਲ ਵੇਖੇ
ਵਹਿਮ ਤੋਂ ਬਿੰਨਾ ਕੁੱਝ ਨਹੀ 

ਮੈਂ ਕਦੀ 
ਸੁਫ਼ਨੇ ਨਹੀ ਵੇਖੇ
ਮੈਂ ਤਾਂ ਵੇਖਿਆ ਹੈ
ਬੱਸ ਖੁੱਲੀਆਂ ਅੱਖਾਂ ਨਾਲ
ਸੁਪਨਿਆਂ ਨੂੰ ਚੂਰ ਚੂਰ ਹੁੰਦੇ

ਮੈਂ ਵੇਖਿਆ ਹੈ 
ਕਿਸੇ ਬੇਵਸ ਦੀ ਅੱਖ ਵਿੱਚੋਂ
ਟੱਪਕੇ ਹੋਏ ਸੁਪਨੇ ਨੂੰ 
ਧਰਤੀ ਵਿੱਚ ਸਮਾਂਉਦੇਂ ਹੋਏ

ਮੈਂ ਵੇਖਿਆ ਹੈ 
ਖੇਤਾਂ ਵਿੱਚ ਬੀਜੇ ਹੋਏ
ਸੁਪਨਿਆ ਨੂੰ ਜਵਾਨ ਹੁੰਦੇ
ਤੇ ਮੰਡੀਆ ਵਿੱਚ 
ਤੇ ਉਹਨਾਂ ਨੂੰ 
ਦਮ ਤੋੜਦੇ ਹੋਏ

ਮੈਂ ਵੇਖਿਆ ਹੈ
ਸੁਪਨਿਆ ਨੂੰ ਬੰਜਰ ਪਈ
ਜ਼ਮੀਨ ਉਪਰ 
ਸੁੱਕ ਕੇ ਤਰੇੜਾਂ ਖਾਏ ਹੋਏ
ਜਿੰਨਾਂ ਨੇ ਵੇਖਿਆ ਸੀ 
ਕਦੀ ਬਰਸਾਤ ਦਾ ਸੁਫ਼ਨਾ

ਮੈਂ ਵੇਖਿਆ ਹੈ
ਉਸ ਬੁੱਢੇ ਮਾਂ-ਬਾਪ ਦੀ
ਅੱਖਾਂ ਦੇ ਸੁਫ਼ਨੇ ਨੂੰ
ਸੁਫ਼ਨਾ ਹੁੰਦੇ ਹੋਏ
ਜਿਸ ਦੇ ਜਵਾਨ ਪੁੱਤਰ ਨੂੰ
ਝੂਠਾ ਦਹਿਸ਼ਤਗਰਦ 
ਸਾਬਿਤ ਕਰ 
ਗੋਲੀ ਮਾਰ ਦਿਤੀ ਗਈ

ਮੈਂ ਚਖਿਆ ਹੈ 
ਤਿੜਕੇ ਹੋਏ ਸੁਫ਼ਨਿਆ ਦੀ
ਨੰਗੇ ਪੈਰਾਂ ਵਿੱਚ ਚੋਭ ਦਾ ਦਰਦ

ਮੈਂ ਵੇਖਿਆ ਹੈ
ਸੁਫ਼ਨਿਆ ਦੇ ਧੂੜ ਦੇ ਕਣਾਂ
ਨੂੰ ਅੱਖਾਂ ਵਿੱਚ ਰੜਕਦੇ ਹੋਏ

ਸਾਨੂੰ ਸੁਫ਼ਨੇ ਨਹੀ ਆਂਉਦੇ
ਸਾਨੂੰ ਸੁਫ਼ਨੇ ਰਾਸ ਨਹੀ ਆਂਉਦੇ
ਖਾਲੀ ਪੇਟ ਸੁਫ਼ਨੇ ਨਹੀ ਆਂਉਦੇ...

ਅਮਰ ਸੰਘਰ ✍️

No comments:

Post a Comment