Thursday, March 12, 2026

ਤੁਸੀ ਕੀ ਜਾਣੋਂ...

ਤੁਸੀ ਕੀ ਜਾਣੋਂ
ਕੀ ਹੁੰਦੀ ਹੈ 
ਮੁਰਝਾਏ ਹੋਏ ਫ਼ੁੱਲਾਂ ਦੀ 
ਮਹਿਕ !! 

ਤੁਸੀ 
ਕਦੀ ਨਹੀ ਜਾਣ ਸਕਦੇ
ਕੀ ਹੁੰਦਾਂ ਹੈ 
ਤੱਪਦੇ ਹੋਏ ਸੂਰਜ ਦੀ 
ਠੰਢਕ ਦਾ ਅਹਿਸਾਸ

ਕਿੰਨੇ ਸੋਹਣੇ ਹੁੰਦੇ ਨੇ
ਕੈਕਟਸ ਦੇ ਬੂਟੇ ਨੂੰ ਲੱਗੇ
ਨੁਕੀਲੇ ਕੰਢੇ ।

ਕਿੰਨੇ ਕੋਮਲ ਹੁੰਦੇ ਨੇ
ਕਿਸੇ ਮਹਿਨਤਕਸ਼ ਦੇ
ਝਰੀਟਾਂ ਲੱਗੇ ਜ਼ਖਮੀ ਹੱਥ

ਕਿੰਨਾਂ ਵੱਡਾ ਹੁੰਦਾਂ ਹੈ
ਗਰਮੀ ਚ ਝੁਲਸੇ ਹੋਏ 
ਸਰੀਰਾਂ ਅੰਦਰ ਦਿਲ ।

ਕਿੰਨਾ ਹੀ 
ਅਰਾਮਦੇਹ ਹੁੰਦਾ ਹੈ
ਨੰਗੇ ਪੈਰਾਂ ਵਿੱਚ ਖੂਭੇ ਹੋਏ
ਨੁਕੀਲੇ ਪੱਥਰ ਦੀ ਚੋਭ

ਕਿੰਨੀਆਂ ਹੀ
ਪਵਿਤਰ ਹੁੰਦੀ ਨੇ
ਇੱਕ ਕਿਰਤੀ ਦੇ ਜਿਸਮ
ਤੋਂ ਟੱਪਕਦੀਆਂ
ਖੂਨ, ਪਸੀਨੇ ਦੀਆਂ ਬੂੰਦਾਂ

ਨਹੀ ! 
ਤੁਸੀ ਇਹ ਕਦੀ ਨਹੀ 
ਜਾਣ ਪਾਉਗੇ

ਬੜਾ ਮੁਸ਼ਕਿਲ ਹੈ
ਤੁਹਾਡੇ ਬੰਜਰ ਹੋਏ ਦਿਲਾਂ ਲਈ
ਇਹ ਸਭ ਜਾਣ ਪਾਉਣਾ

ਕਿਉਕੀ ਬੰਜਰ ਹੋਈਆ 
ਜਮੀਨਾਂ ਉਪਰ ਫ਼ੁੱਲ ਨਹੀ ਖਿਲਦੇ
ਜਿੰਨਾ ਦੀ ਮਹਿਕ ਤੁਸੀ ਮਾਣ ਸਕੋ

ਏ.ਸੀ ਕਾਰਾਂ ਤੇ ਏ.ਸੀ 
ਕਮਰਿਆ ਵਿੱਚ ਬੈਠੇ 
ਪਸੀਨਾਂ ਨਹੀ ਆਉਦਾਂ
ਇਸ ਲਈ ਤੁਸੀ ਨਹੀ ਜਾਣ ਪਾਉਗੇ
ਕਦੀ ਵੀ ਖੂਨ ਪਸੀਨੇ ਦੀ 
ਪਵਿਤਰਤਾ 

ਤੁਸੀ ਨਹੀ ਜਾਣ ਪਾਉਗੇ
ਪੈਰਾਂ ਵਿੱਚ ਖੂਭੇ ਹੋਏ 
ਪੱਥਰ ਦੀ ਚੋਭ ਦਾ ਅਰਾਮਦੇਹ ਦਰਦ
ਕਿਉਕੀ ਧਰਤੀ ਤੇ ਪੈਰ ਰੱਖਣਾਂ 
ਤੁਹਾਡੇ ਕਾਰਾਂ ਵਾਲਿਆਂ ਦੀ ਸ਼ਾਨ ਦੇ ਖਿਲਾਫ਼ ਹੈ ।

ਤੁਹਾਡੇ ਕਠੋਰ ਹੱਥ
ਤਾਂ ਬਸ ਖੋਹਣ ਜਾਣਦੇ ਨੇ
ਸਾਡੇ ਹੱਕਾਂ ਤੇ ਸਾਡੀ ਕਮਾਈ ਨੂੰ

ਪੈਸੇ ਦੀ ਗੱਠੀਆਂ 
ਗਿਣਨ ਵਾਲੇ ਹੱਥ 
ਇਹ ਕਦੀ ਨਹੀ ਜਾਣ ਸਕਦੇ 
ਕਿ ਕਿੰਨੇ ਕੋਮਲ ਹੁੰਦੇ ਨੇ
ਕਿਰਤੀ ਦੇ ਹੱਥ 

ਨਹੀ ਤੁਸੀ ਕੁੱਝ ਨਹੀ 
ਜਾਣ ਸਕਦੇ... 

ਅਮਰ ਸੰਘਰ✍️

No comments:

Post a Comment